ਨਵੀਂ ਦਿੱਲੀ, 23 ਸਤੰਬਰ (ਉਪਮਾ ਡਾਗਾ ਪਾਰਥ)-ਭਾਰਤ ਨੇ ਪਾਕਿਸਤਾਨ ਦੇ ਜਹਾਜ਼ਾਂ ਅਤੇ ਏਅਰਲਾਈਨਾਂ ਲਈ ਭਾਰਤੀ ਹਵਾਈ ਖੇਤਰ 'ਚ ਦਾਖ਼ਲ ਹੋਣ 'ਤੇ ਲਾਈ ਪਾਬੰਦੀ ਦੀ ਮਿਆਦ ਇਕ ਮਹੀਨੇ ਤੱਕ ਲਈ ਹੋਰ ਵਧਾ ਦਿੱਤੀ ਹੈ | ਹਵਾਬਾਜ਼ੀ ਬਾਰੇ ਅਥਾਰਿਟੀ ਵਲੋਂ ਜਾਰੀ ਨਵੇਂ ਨੋਟਿਸ ਟੂ ਏਅਰਮੈੱਸ (ਨੋਟੈਮ) ਰਾਹੀਂ ਉਕਤ ਜਾਣਕਾਰੀ ਦਿੱਤੀ ਗਈ | ਨੋਟਿਸ ਮੁਤਾਬਿਕ ਭਾਰਤ ਨੇ ਪਾਕਿਸਤਾਨੀ ਏਅਰਲਾਈਨਜ਼ ਅਤੇ ਜਹਾਜ਼ਾਂ 'ਤੇ ਭਾਰਤੀ ਹਵਾਈ ਖੇਤਰ ਦਾਖ਼ਲ ਹੋਣ 'ਤੇ ਪਾਬੰਦੀ 24 ਅਕਤੂਬਰ ਤੱਕ ਵਧਾ ਦਿੱਤੀ ਹੈ | ਇਹ ਕਦਮ ਪਾਕਿਸਤਾਨ ਦੇ ਨੋਟੈਮ ਦੇ ਕੁਝ ਦਿਨਾਂ ਬਾਅਦ ਚੁੱਕਿਆ ਗਿਆ ਹੈ, ਜਿਸ 'ਚ ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਅਤੇ ਏਅਰਲਾਈਨਾਂ ਲਈ ਆਪਣਾ ਹਵਾਈ ਖੇਤਰ ਉਸੇ ਸਮੇਂ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਸੀ | ਦੋਵੇਂ ਗੁਆਂਢੀ ਮੁਲਕਾਂ ਨੇ ਇਕ-ਦੂਜੇ ਦੇ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਪਿਛਲੇ 6 ਮਹੀਨੇ ਤੋਂ ਬੰਦ ਕੀਤਾ ਹੋਇਆ ਹੈ | ਪਾਕਿਸਤਾਨ ਨੇ 24 ਸਤੰਬਰ ਦੇ ਨੋਟਿਸ ਦੇ ਖਤਮ ਹੋਣ ਤੋਂ ਦੋ ਦਿਨ ਪਹਿਲਾਂ ਹੀ ਭਾਰਤੀ ਜਹਾਜ਼ਾਂ ਲਈ ਹਵਾਈ ਖੇਤਰ ਬੰਦ ਕਰਨ ਦਾ ਨੋਟੈਮ ਜਾਰੀ ਕੀਤਾ ਸੀ | ਜ਼ਿਕਰਯੋਗ ਹੈ ਕਿ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਵਧੇ ਤਣਾਅ ਦਰਮਿਆਨ ਪਾਕਿਸਤਾਨ ਨੇ 24 ਅਪ੍ਰੈਲ ਨੂੰ ਹਵਾਈ ਖੇਤਰ ਬੰਦ ਕਰਨ ਦੀ ਸ਼ੁਰੂਆਤ ਕੀਤੀ ਸੀ ਅਤੇ ਭਾਰਤ ਨੇ 30 ਅਪ੍ਰੈਲ ਨੂੰ ਜਵਾਬੀ ਕਾਰਵਾਈ ਕਰਦਿਆਂ ਪਾਕਿਸਤਾਨੀ ਜਹਾਜ਼ਾਂ ਅਤੇ ਏਅਰਲਾਈਨਜ਼ ਲਈ ਆਪਣਾ ਏਅਰਸਪੇਸ ਬੰਦ ਕਰ ਦਿੱਤਾ |