ਨਵੀਂ ਦਿੱਲੀ, 25 ਸਤੰਬਰ (ਉਪਮਾ ਡਾਗਾ ਪਾਰਥ)-ਰੱਖਿਆ ਮੰਤਰਾਲੇ ਨੇ ਭਾਰਤੀ ਹਵਾਈ ਫ਼ੌਜ ਲਈ 97 ਤੇਜਸ ਜੈੱਟ (ਲੜਾਕੂ ਜਹਾਜ਼) ਖ਼ਰੀਦਣ ਲਈ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐਚ.ਏ.ਐਲ.) ਦੇ ਨਾਲ 62,370 ਕਰੋੜ ਰੁਪਏ ਦਾ ਸਮਝੌਤਾ ਕੀਤਾ ਹੈ | ਸਰਕਾਰ ਵਲੋਂ ਇਹ ਕਦਮ 36 ਪੁਰਾਣੇ ਮਿਗ-21 ਜਹਾਜ਼ਾਂ ਦੇ ਰਿਟਾਇਰ ਹੋਣ ਤੋਂ ਇਕ ਦਿਨ ਪਹਿਲਾਂ ਲਿਆ ਗਿਆ ਹੈ | ਐਚ.ਏ.ਐਲ. ਵਲੋਂ ਦਿੱਤੇ ਜਾਣ ਵਾਲੇ ਜਹਾਜ਼ਾਂ 'ਚ 68 ਸਿੰਗਲ ਸੀਟ ਵਾਲੇ ਲੜਾਕੂ ਜਹਾਜ਼ ਅਤੇ 29 ਡਬਲ ਸੀਟ ਵਾਲੇ ਸ਼ਾਮਿਲ ਹਨ | ਇਹ ਖ਼ਰੀਦ ਇੰਡੀਆ-ਆਈ.ਡੀ.ਡੀ.ਐਮ. ਕੈਟੇਗਰੀ ਤਹਿਤ ਕੀਤੀ ਗਈ ਹੈ, ਜੋ ਪੂਰੀ ਤਰ੍ਹਾਂ ਸਵਦੇਸ਼ੀ ਹੈ | ਡਲਿਵਰੀ 2027-28 ਤੋਂ ਸ਼ੁਰੂ ਹੋ ਕੇ 6 ਸਾਲ 'ਚ ਪੂਰੀ ਹੋਵੇਗੀ | ਇਹ ਪ੍ਰਾਜੈਕਟ 105 ਭਾਰਤੀ ਕੰਪਨੀਆਂ ਨੂੰ ਜੋੜੇਗਾ, ਜੋ ਜਹਾਜ਼ਾਂ ਦੇ ਵੱਖ-ਵੱਖ ਪੁਰਜ਼ੇ ਬਣਾਉਣਗੀਆਂ | 6 ਸਾਲਾਂ 'ਚ ਹਰ ਸਾਲ 11,750 ਸਿੱਧੇ ਅਤੇ ਅਸਿੱਧੇ ਰੁਜ਼ਗਾਰ ਪੈਦਾ ਹੋਣਗੇ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਵਲੋਂ ਇਸ ਖਰੀਦ ਨੂੰ ਹਰੀ ਝੰਡੀ ਦੇਣ ਤੋਂ ਇਕ ਮਹੀਨੇ ਤੋਂ ਵੱਧ ਸਮੇਂ ਬਾਅਦ ਇਸ ਸਮਝੌਤੇ 'ਤੇ ਦਸਤਖ਼ਤ ਕੀਤੇ ਗਏ |