18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਹੜ੍ਹਾਂ ਨੂੰ ਲੈ ਕੇ ਵਿਧਾਨ ਸਭਾ 'ਚ ਭਾਰੀ ਹੰਗਾਮਾ <br/>

Ad Position 21
No active advertisement
ਅਜੀਤ ਡੈਸਕ 27-09-2025

ਹਰਕਵਲਜੀਤ ਸਿੰਘ
ਚੰਡੀਗੜ੍ਹ, 26 ਸਤੰਬਰ-ਪੰਜਾਬ ਵਿਧਾਨ ਸਭਾ ਦੇ ਅੱਜ ਸ਼ੁਰੂ ਹੋਏ ਦੋ ਦਿਨਾ ਵਿਸ਼ੇਸ਼ ਇਜਲਾਸ ਦੌਰਾਨ ਹੜ੍ਹਾਂ ਤੇ ਰਾਹਤ ਕਾਰਜਾਂ ਦੇ ਮੁੱਦੇ 'ਤੇ ਹੋਈ ਬਹਿਸ ਦੌਰਾਨ ਭਾਰੀ ਹੰਗਾਮੇ ਅਤੇ ਹੁਕਮਰਾਨ ਤੇ ਵਿਰੋਧੀ ਧਿਰ ਦਰਮਿਆਨ ਤਿੱਖੀ ਨੋਕ-ਝੋਕ ਹੋਈ | ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹੋਈ ਚਾਰ ਘੰਟਿਆਂ ਦੀ ਬਹਿਸ ਤੋਂ ਬਾਅਦ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਤੋਂ ਮੰਗੇ ਗਏ ਸਮੇਂ ਸੰਬੰਧੀ ਉਹ ਜਵਾਬ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਜੇ ਸਮਾਂ ਨਹੀਂ ਮਿਲਦਾ ਤਾਂ ਉਹ ਵਿਧਾਇਕਾਂ ਨਾਲ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਦੀ ਹਿੱਕ 'ਚ ਵੱਜਣਗੇ | ਉਨ੍ਹਾਂ ਇਤਰਾਜ਼ ਕੀਤਾ ਕਿ ਪੰਜਾਬ ਵਿਚ ਵਾਪਰੀ ਏਨੀ ਵੱਡੀ ਕੁਦਰਤੀ ਆਫ਼ਤ 'ਚ ਕੇਂਦਰ ਵਲੋਂ ਪੰਜਾਬ ਦੀ ਮਦਦ ਨਹੀਂ ਹੋ ਰਹੀ | ਉਨ੍ਹਾਂ ਕਿਹਾ ਕਿ ਐਲਾਨੀ 1600 ਕਰੋੜ ਰੁਪਏ ਦੀ ਰਾਸ਼ੀ ਦਾ ਭਾਵੇਂ ਇਕ ਪੈਸਾ ਹੁਣ ਤੱਕ ਪੰਜਾਬ ਨੂੰ ਨਹੀਂ ਮਿਲਿਆ ਪਰ ਰੋਜ਼ਾਨਾ 2-3 ਕੇਂਦਰੀ ਮੰਤਰੀ ਪੰਜਾਬ ਦੇ ਹੜ੍ਹ ਪੀੜਤ ਖੇਤਰਾਂ 'ਚੋਂ ਫੋਟੋਆਂ ਖਿਚਵਾ ਕੇ ਅਤੇ ਕੁਝ ਦਿੱਤੇ ਬਿਨਾ ਵਾਪਸ ਜ਼ਰੂਰ ਚਲੇ ਜਾਂਦੇ ਹਨ | ਮੁੱਖ ਮੰਤਰੀ ਨੇ ਭਾਰਤ ਸਰਕਾਰ ਦੇ ਮੌਸਮ ਵਿਭਾਗ ਦੀ ਤਿੱਖੀ ਨੁਕਤਾਚੀਨੀ ਕੀਤੀ ਤੇ ਕਿਹਾ ਕਿ ਉਨ੍ਹਾਂ ਵਲੋਂ ਮੌਸਮ ਤੇ ਬਾਰਿਸ਼ਾਂ ਸੰਬੰਧੀ ਜੋ ਵੀ ਭਵਿੱਖਬਾਣੀਆਂ ਹੁੰਦੀਆਂ ਰਹੀਆਂ ਬਾਰਿਸ਼ਾਂ, ਉਸ ਤੋਂ 1900 ਪ੍ਰਤੀਸ਼ਤ ਤੱਕ ਵੀ ਵੱਧ ਹੁੰਦੀਆਂ ਰਹੀਆਂ ਅਤੇ ਭਾਰਤ ਸਰਕਾਰ ਨੂੰ ਅਜਿਹੀਆਂ ਗੁਮਰਾਹਕੁੰਨ ਭਵਿੱਖਬਾਣੀਆਂ ਤੇ ਰਿਪੋਰਟਾਂ ਦੇਣ ਵਾਲਾ ਵਿਭਾਗ ਬੰਦ ਹੀ ਕਰ ਦੇਣਾ ਚਾਹੀਦਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ 2305 ਪਿੰਡਾਂ 'ਚ ਹੜ੍ਹਾਂ ਨੇ ਵੱਡੀ ਤਬਾਹੀ ਮਚਾਈ ਹੈ ਤੇ ਕੇਂਦਰ ਵਲੋਂ ਦਿੱਤੇ ਗਏ 1600 ਕਰੋੜ ਨਾਲ ਤਾਂ ਹਰ ਪਿੰਡ ਨੂੰ 80 ਲੱਖ ਰੁਪਿਆ ਵੀ ਨਹੀਂ ਮਿਲ ਸਕਣਾ, ਜਦੋਂ ਕਿ ਨੁਕਸਾਨ ਬਹੁਤ ਜ਼ਿਆਦਾ ਹੈ | ਉਨ੍ਹਾਂ ਦੱਸਿਆ ਕਿ 25 ਸਾਲ ਵਿਚ ਕੇਂਦਰ ਨੇ ਰਾਹਤ ਫੰਡ ਲਈ ਕੱੁਲ 6190 ਕਰੋੜ ਜਾਰੀ ਕੀਤੇ ਹਨ ਜਦੋਂ ਕਿ ਬਾਕੀ ਹਿੱਸਾ ਸੂਬੇ ਦਾ ਆਪਣਾ ਜਾਂ ਵਿਆਜ ਹੈ | ਜਦੋਂ ਕਿ ਮਗਰਲੀਆਂ ਸਰਕਾਰਾਂ ਕੋਵਿਡ ਅਤੇ ਦੂਜੇ ਰਾਹਤ ਕਾਰਜਾਂ ਲਈ ਪੈਸਾ ਖ਼ਰਚਦੀਆਂ ਵੀ ਰਹੀਆਂ ਪਰ ਪ੍ਰਧਾਨ ਮੰਤਰੀ ਵਲੋਂ ਦਿੱਤਾ ਗਿਆ 12000 ਕਰੋੜ ਦਾ ਅੰਕੜਾ ਕਿੱਥੋਂ ਆਇਆ, ਸਾਡੀ ਸਮਝ ਤੋਂ ਬਾਹਰ ਹੈ | ਮੁੱਖ ਮੰਤਰੀ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵਲੋਂ ਦੇਸ਼ 'ਚ ਵੋਟ ਚੋਰੀ ਵਿਰੁੱਧ ਮੁਹਿੰਮ ਚਲਾਉਣ ਦੀ ਸ਼ਲਾਘਾ ਵੀ ਕੀਤੀ ਅਤੇ ਭਾਜਪਾ ਦੀ ਕਾਰਜਸ਼ੈਲੀ ਦੀ ਤਿੱਖੀ ਨੁਕਤਾਚੀਨੀ ਵੀ ਕੀਤੀ ਪਰ ਉਨ੍ਹਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਨਾਂਅ ਲਏ ਬਿਨਾਂ ਉਨ੍ਹਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਅਸੀਂ ਏਨੀ ਛੇਤੀ ਜਾਣ ਵਾਲੇ ਨਹੀਂ ਅਤੇ ਤੁਹਾਡੀਆਂ ਜੜ੍ਹਾਂ 'ਚ ਬੈਠਾਂਗੇ |
ਸਾਡੀ ਸਰਕਾਰ ਨੂੰ ਰਾਹਤ ਫ਼ੰਡ ਦੇ 2022 ਤੋਂ ਹੁਣ ਤੱਕ 1582 ਕਰੋੜ ਮਿਲੇ-ਚੀਮਾ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸਾਡੀ ਸਰਕਾਰ ਨੂੰ ਰਾਹਤ ਫ਼ੰਡ ਦੇ 2022 ਤੋਂ ਹੁਣ ਤੱਕ 1582 ਕਰੋੜ ਕੇਂਦਰ ਤੋਂ ਮਿਲੇ ਹਨ, ਜਿਸ 'ਚੋਂ 649 ਕਰੋੜ ਖ਼ਰਚ ਹੋ ਚੁੱਕੇ ਹਨ | ਉਨ੍ਹਾਂ ਕਿਹਾ ਕਿ ਮਗਰਲੀ ਕਾਂਗਰਸ ਸਰਕਾਰ ਨੂੰ 2017 ਤੋਂ 2022 ਤੱਕ ਇਸ ਫ਼ੰਡ ਦੇ 2061 ਕਰੋੜ ਰੁਪਏ ਮਿਲੇ, ਜਿਸ 'ਚੋਂ 1678 ਕਰੋੜ ਖ਼ਰਚ ਹੋ ਗਏ ਸਨ | ਉਨ੍ਹਾਂ ਕਿਹਾ ਕਿ ਚਾਲੂ ਸਾਲ 'ਚ ਹੁਣ ਤੱਕ 244 ਕਰੋੜ ਦੀ ਕਿਸ਼ਤ ਸਾਨੂੰ ਮਿਲੀ ਹੈ | ਉਨ੍ਹਾਂ ਕਿਹਾ ਕਿ ਜੀ.ਐਸ.ਟੀ-2 ਅਧੀਨ ਦਰਾਂ ਘਟਣ ਕਾਰਨ ਪੰਜਾਬ ਦੇ ਖ਼ਜ਼ਾਨੇ ਨੂੰ ਸਾਲਾਨਾ 6 ਹਜ਼ਾਰ ਕਰੋੜ ਦਾ ਨੁਕਸਾਨ ਹੋਵੇਗਾ ਜਦੋਂ ਕਿ ਜੀ.ਐਸ.ਟੀ. ਲਾਗੂ ਹੋਣ ਨਾਲ ਪੰਜ ਸਾਲਾਂ 'ਚ ਸੂਬੇ ਦੇ ਮਾਲੀਏ ਦਾ 1 ਲੱਖ 11 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਤੇ ਕੇਂਦਰ ਤੋਂ ਇਸ ਦੀ ਭਰਪਾਈ ਲਈ ਪੰਜ ਸਾਲਾਂ ਵਿਚ ਕੇਵਲ 61 ਹਜ਼ਾਰ ਕਰੋੜ ਰੁਪਏ ਮਿਲੇ | ਉਨ੍ਹਾਂ ਕਿਹਾ ਕਿ ਸੂਬੇ ਦੇ ਚੁਣੇ ਹੋਏ ਨੁਮਾਇੰਦੇ ਨੂੰ ਮਿਲਣ ਲਈ ਸਮਾਂ ਦੇਣ ਦੀ ਥਾਂ ਪ੍ਰਧਾਨ ਮੰਤਰੀ ਇਕ ਆਪਣੇ ਨਾਮਜ਼ਦ ਰਾਜਪਾਲ ਨੂੰ ਸਮਾਂ ਦੇ ਰਹੇ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਸੰਘੀ ਢਾਂਚੇ ਨੂੰ ਕਮਜ਼ੋਰ ਕਰ ਰਹੀ ਹੈ ਤੇ ਸੂਬਿਆਂ ਨੂੰ ਆਰਥਿਕ ਪੱਖੋਂ ਤੋੜ ਰਹੀ ਹੈ |
ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦਾਅਵਾ ਕੀਤਾ ਕਿ ਹੜ੍ਹ ਦਾ ਕਾਰਨ ਕਦੀ ਵੀ ਮਾਈਨਿੰਗ ਨਹੀਂ ਹੋ ਸਕਦਾ ਤੇ ਨਾ ਹੀ ਕਦੀ ਇਨਸਾਨ ਅਜਿਹੇ ਹੜ੍ਹ ਲਿਆ ਸਕਦਾ ਹੈ ਜਿਵੇਂ ਕਿ ਵਿਰੋਧੀ ਪਾਰਟੀਆਂ ਵਲੋਂ ਦੋਸ਼ ਲਗਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਵਾਰ ਡੈਮਾਂ 'ਚ ਆਏ ਪਾਣੀ ਨੇ ਅੱਜ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ | ਕਾਂਗਰਸ ਦੇ ਬਰਿੰਦਰਮੀਤ ਸਿੰਘ ਪਾਹੜਾ ਨੇ ਦੋਸ਼ ਲਗਾਇਆ ਕਿ ਫਲੱਡ ਗੇਟ ਟੁੱਟਣ ਲਈ ਜਿਸ ਐਕਸ਼ੀਅਨ ਨੂੰ ਮੁਅੱਤਲ ਕੀਤਾ ਗਿਆ, ਉਸ ਦਾ ਤਬਾਦਲਾ ਉਸ ਥਾਂ 8-10 ਦਿਨ ਪਹਿਲਾਂ ਹੀ ਹੋਇਆ ਸੀ | ਉਨ੍ਹਾਂ ਰਾਹਤ ਲਈ ਛੱਤ ਟੁੱਟਣ ਵਾਲੇ ਘਰਾਂ ਨੂੰ ਤਰਜੀਹ ਦੇਣ ਲਈ ਵੀ ਕਿਹਾ |
ਡੈਮਾਂ ਨਾਲ ਜੁੜੀ ਗੈਰ-ਸੰਵਿਧਾਨਕ ਧਾਰਾ 79 ਰੱਦ ਹੋਵੇ-ਇਯਾਲੀ
ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਯਾਲੀ ਨੇ ਡੈਮਾਂ ਨਾਲ ਜੁੜੀ ਗੈਰ- ਸੰਵਿਧਾਨਕ ਧਾਰਾ 79 ਨੂੰ ਰੱਦ ਕਰਨ ਦੀ ਮੰਗ ਚੁੱਕੀ | ਉਨ੍ਹਾਂ ਕਿਹਾ ਕਿ ਬੀ.ਬੀ.ਐਮ.ਬੀ. ਭਾਖੜਾ ਤੇ ਪੌਂਗ ਡੈਮ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ 'ਚ ਫ਼ੇਲ੍ਹ ਸਾਬਤ ਹੋਇਆ | ਉਨ੍ਹਾਂ ਇਸ ਸੰਬੰਧੀ ਸੁਧਾਰ ਲਿਆਉਣ ਲਈ ਵਿਧਾਨ ਸਭਾ ਕਮੇਟੀ ਦੇ ਗਠਨ ਦੀ ਮੰਗ ਰੱਖੀ ਤੇ ਕਿਹਾ ਕਿ ਜਿਨ੍ਹਾਂ ਦਰਿਆਵਾਂ ਦਾ ਵਿਚਕਾਰਲਾ ਪੱਧਰ ਕਾਫੀ ਉੱਚਾ ਹੋ ਚੁੱਕਾ ਹੈ, ਉਸ ਦਾ ਵਹਾਅ 'ਤੇ ਵੀ ਅਸਰ ਪੈ ਰਿਹਾ ਹੈ ਅਤੇ ਇਸ ਸੰਬੰਧੀ ਛੇਤੀ ਕਾਰਵਾਈ ਦੀ ਜ਼ਰੂਰਤ ਹੈ | ਉਨ੍ਹਾਂ ਸੂਬੇ 'ਚ ਨਹਿਰੀ ਸਿੰਜਾਈ ਹੇਠਲਾ ਰਕਬਾ ਵਧਾਉਣ ਦੀ ਵੀ ਮੰਗ ਕੀਤੀ |
ਜਲ ਸਰੋਤ ਮੰਤਰੀ ਦਾ ਮਤਾ
ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵਲੋਂ ਇਕ ਮਤਾ ਅੱਜ ਸਦਨ 'ਚ ਪੇਸ਼ ਕੀਤਾ ਗਿਆ, ਜਿਸ ਦਾ ਸੰਬੰਧ ਹੜ੍ਹਾਂ ਨਾਲ ਸੀ ਅਤੇ ਜਿਸ 'ਚ ਪ੍ਰਧਾਨ ਮੰਤਰੀ ਦੀ ਕਾਰਜਸ਼ੈਲੀ ਦੀ ਵੀ ਨੁਕਤਾਚੀਨੀ ਕੀਤੀ ਗਈ ਸੀ | ਪਰ ਇਸ ਮਤੇ ਨੂੰ ਪਾਸ ਕਰਨ ਸੰਬੰਧੀ ਫ਼ੈਸਲਾ ਸੋਮਵਾਰ ਦੀ ਬੈਠਕ 'ਚ ਹੋਵੇਗਾ |
ਹੜ੍ਹਾਂ ਦੀ ਸਥਿਤੀ ਲਈ ਸਰਕਾਰ ਜ਼ਿੰਮੇਵਾਰ ਜਾਂਚ ਕਮਿਸ਼ਨ ਦਾ ਗਠਨ ਕੀਤਾ ਜਾਵੇ-ਬਾਜਵਾ
ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸ. ਪ੍ਰਤਾਪ ਸਿੰਘ ਬਾਜਵਾ ਨੇ ਬਹਿਸ 'ਚ ਹਿੱਸਾ ਲੈਂਦਿਆਂ ਹੜ੍ਹਾਂ ਦੀ ਸਥਿਤੀ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਹਾਈ ਕੋਰਟ ਦੇ ਮੌਜੂਦਾ ਜੱਜ 'ਤੇ ਆਧਾਰਿਤ ਇਕ ਜਾਂਚ ਕਮਿਸ਼ਨ ਦੇ ਗਠਨ ਦੀ ਮੰਗ ਕੀਤੀ, ਜੋ ਹੜ੍ਹਾਂ ਲਈ ਜ਼ਿੰਮੇਵਾਰ ਕਾਰਨਾਂ ਦੀ ਜਾਂਚ ਕਰੇ | ਉਨ੍ਹਾਂ ਜਾਂਚ ਪੂਰੀ ਹੋਣ ਤੱਕ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਦਾ ਅਸਤੀਫ਼ਾ ਲਏ ਜਾਣ ਅਤੇ ਪ੍ਰਮੁੱਖ ਸਕੱਤਰ ਜਲ ਸਰੋਤ ਅਤੇ ਚੀਫ਼ ਇੰਜੀਨੀਅਰ ਦੀ ਮੁਅੱਤਲੀ ਦੀ ਮੰਗ ਵੀ ਕੀਤੀ | ਉਨ੍ਹਾਂ ਕਿਹਾ ਕਿ ਫਲੱਡ ਗੇਟਾਂ ਦੇ ਟੁੱਟਣ ਲਈ ਕਿਸੇ ਐਸ.ਡੀ.ਓ. ਤੇ ਐਕਸੀਅਨ ਨੂੰ ਜ਼ਿੰਮੇਵਾਰ ਠਹਿਰਾਉਣਾ ਲੋਕਾਂ ਨਾਲ ਮਜ਼ਾਕ ਵਾਲੀ ਗੱਲ ਹੈ | ਉਨ੍ਹਾਂ ਸਰਕਾਰ ਤੋਂ ਆਪਦਾ ਰਾਹਤ ਪ੍ਰਬੰਧਨ ਫ਼ੰਡ ਦੇ 12 ਹਜ਼ਾਰ ਕਰੋੜ ਦਾ ਵੀ ਸਰਕਾਰ ਤੋਂ ਹਿਸਾਬ ਮੰਗਿਆ | ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਬਣਾਇਆ ਗਿਆ ਨਵਾਂ ਰਾਹਤ ਫ਼ੰਡ ਸੂਚਨਾ ਅਧਿਕਾਰ ਹੇਠ ਨਹੀਂ ਆਉਂਦਾ ਤੇ ਇਸ ਦਾ ਕੋਈ ਹਿਸਾਬ ਨਹੀਂ ਲੈ ਸਕਦਾ ਜੋ ਇਕ ਠੱਗੀ ਹੈ | ਉਨ੍ਹਾਂ ਕਿਸਾਨਾਂ ਨੂੰ ਸਰਕਾਰ ਵਲੋਂ ਹੁਣ ਤੱਕ ਕੋਈ ਵੀ ਮੁਆਵਜ਼ਾ ਨਾ ਮਿਲਣ ਦਾ ਮੁੱਦਾ ਉਠਾਇਆ ਤੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਦੀ ਫੇਰੀ ਦੌਰਾਨ ਮੁੱਖ ਮੰਤਰੀ ਉਨ੍ਹਾਂ ਨੂੰ ਮਿਲਣ ਦੀ ਥਾਂ ਹਸਪਤਾਲ ਦਾਖ਼ਲ ਹੋ ਗਏ |
'ਆਪ' ਵਿਧਾਇਕਾਂ ਵਲੋਂ ਸਦਨ 'ਚ ਨਾਅਰੇਬਾਜ਼ੀ
'ਆਪ' ਵਿਧਾਇਕਾਂ ਵਲੋਂ ਹੱਥਾਂ 'ਚ ਗੱਤਿਆਂ 'ਤੇ ਲਿਖੇ ਨਾਅਰੇ ਲੈ ਕੇ ਵਿੱਤ ਮੰਤਰੀ ਦੇ ਭਾਸ਼ਨ ਤੋਂ ਬਾਅਦ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤੇ ਨਾਅਰੇ ਮਾਰਦੇ ਇਹ ਵਿਧਾਇਕ ਸਪੀਕਰ ਦੀ ਕੁਰਸੀ ਸਾਹਮਣੇ ਆ ਗਏ | ਉਨ੍ਹਾਂ ਦੀ ਨਾਅਰੇਬਾਜ਼ੀ ਕਾਰਨ ਸਦਨ 'ਚ ਹੋਰ ਕੁੱਝ ਵੀ ਸੁਣਾਈ ਨਹੀਂ ਦੇ ਰਿਹਾ ਸੀ | ਸਪੀਕਰ ਵਲੋਂ ਉਨ੍ਹਾਂ ਨੂੰ ਵਾਪਸ ਬੈਂਚਾਂ 'ਤੇ ਜਾਣ ਲਈ ਵਾਰ-ਵਾਰ ਕਿਹਾ ਗਿਆ ਅਤੇ ਇਸ ਤੋਂ ਬਾਅਦ ਸਪੀਕਰ ਸਦਨ ਦੀ ਕਾਰਵਾਈ 20 ਮਿੰਟਾਂ ਲਈ ਮੁਅੱਤਲ ਕਰਕੇ ਚਲੇ ਗਏ | 'ਆਪ' ਦੇ ਵਿਧਾਇਕ ਵੀ ਇਸ ਤੋਂ ਬਾਅਦ ਨਾਅਰੇ ਮਾਰਦੇ ਸਦਨ ਤੋਂ ਚਲੇ ਗਏ ਪਰ ਸਦਨ 'ਚ ਹਾਜ਼ਰ ਮੁੱਖ ਮੰਤਰੀ ਤੇ ਕੁੱਝ ਮੰਤਰੀ ਬਾਹਰ ਨਹੀਂ ਗਏ ਅਤੇ ਉਹ ਸਦਨ 'ਚ ਹੀ ਹਾਜ਼ਰ ਰਹੇ | ਪੰਜਾਬ ਵਿਧਾਨ ਸਭਾ ਦੇ ਇਤਿਹਾਸ 'ਚ ਹੁਕਮਰਾਨ ਧਿਰ ਵਲੋਂ ਅਜਿਹਾ ਮੁਜ਼ਾਹਰਾ ਪਹਿਲੀ ਵਾਰ ਕੀਤਾ ਗਿਆ |
ਹੜ੍ਹਾਂ ਦੀ ਮਾਰ ਤੋਂ ਬਚਣ ਲਈ ਸਾਨੂੰ ਹੋਰ ਡੈਮ ਬਣਾਉਣੇ ਪੈਣਗੇ-ਬੈਂਸ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਜਿਨ੍ਹਾਂ ਕਾਫ਼ੀ ਅੰਕੜਿਆਂ 'ਤੇ ਤਿਆਰੀ ਨਾਲ ਬਹਿਸ 'ਚ ਹਿੱਸਾ ਲਿਆ, ਦਾ ਕਹਿਣਾ ਸੀ ਕਿ ਹੜ੍ਹਾਂ ਤੇ ਬਰਸਾਤੀ ਨਾਲਿਆਂ ਦੇ ਪਾਣੀ ਨੂੰ ਕੰਟਰੋਲ ਹੇਠ ਲਿਆਉਣ ਲਈ ਸਾਨੂੰ ਹੋਰ ਨਵੇਂ ਡੈਮ ਬਣਾਉਣੇ ਪੈਣਗੇ | ਉਨ੍ਹਾਂ ਕਿਹਾ ਕਿ ਮੌਸਮ 'ਚ ਬਦਲਾਅ, ਜਿਸ ਦੀ ਤਾਜ਼ਾ ਹੜ੍ਹਾਂ ਦੌਰਾਨ ਅਹਿਮ ਭੂਮਿਕਾ ਰਹੀ, ਵੱਲ ਵੀ ਧਿਆਨ ਦਿੱਤੇ ਜਾਣ ਦੀ ਲੋੜ ਹੈ ਤੇ ਲੰਬੇ ਸਮੇਂ ਡੈਮਾਂ ਦੀ ਡਿਸਿਲਟਿੰਗ ਨਾ ਹੋਣ ਕਾਰਨ ਡੈਮਾਂ ਦੀ ਪਾਣੀ ਰੋਕਣ ਦੀ ਸਮਰੱਥਾ ਕਾਫ਼ੀ ਘਟ ਰਹੀ ਹੈ | ਉਨ੍ਹਾਂ ਅੰਕੜੇ ਦਿੱਤੇ ਕਿ ਭਾਖੜਾ ਡੈਮਾਂ ਦੀ ਇਸ ਕਾਰਨ ਸਮਰੱਥਾ 'ਚ 23 ਪ੍ਰਤੀਸ਼ਤ ਤੱਕ ਕਮੀ ਆਈ ਅਤੇ ਇਸ ਪਾਸੇ ਧਿਆਨ ਦਿੱਤਾ ਜਾਵੇ ਤੇ ਸੂਬਾ ਸਰਕਾਰ ਇਸ ਲਈ ਲਗਾਤਾਰ ਕੇਂਦਰ ਨੂੰ ਲਿਖਦੀ ਰਹੀ ਹੈ | ਉਨ੍ਹਾਂ ਦੱਸਿਆ ਕਿ ਸਰਕਾਰੀ ਰਿਪੋਰਟਾਂ 'ਚ ਵੀ ਮਗਰਲੇ ਸਮੇਂ ਦੌਰਾਨ ਛੋਟੇ ਡੈਮਾਂ ਦੀ ਜ਼ਰੂਰਤ ਸੰਬੰਧੀ ਸਿਫ਼ਾਰਸ਼ਾਂ ਹੁੰਦੀਆਂ ਰਹੀਆਂ ਹਨ | ਉਨ੍ਹਾਂ ਕਿਹਾ ਕਿ ਮੇਰੇ ਵਿਧਾਨ ਸਭਾ ਹਲਕੇ 'ਚ ਹੜ੍ਹ ਰੋਕੂ ਪ੍ਰਬੰਧਨ ਸੰਬੰਧੀ 15 ਕਰੋੜ ਦੇ ਕੰਮ ਹੋਏ ਹਨ ਅਤੇ ਇਸੇ ਕਾਰਨ ਇਹ ਖੇਤਰ ਬਚਿਆ ਰਿਹਾ | ਉਨ੍ਹਾਂ ਇਸ ਗੱਲ 'ਤੇ ਵੀ ਇਤਰਾਜ਼ ਕੀਤਾ ਕਿ ਮੁੱਖ ਮੰਤਰੀ ਪੰਜਾਬ ਦੇ ਹੜ੍ਹ ਪੀੜਤ ਖੇਤਰਾਂ ਦਾ ਕੇਸ ਪ੍ਰਧਾਨ ਮੰਤਰੀ ਕੋਲ ਪੇਸ਼ ਕਰਨ ਲਈ ਮਗਰਲੇ 10 ਦਿਨਾਂ ਤੋਂ ਸਮਾਂ ਮੰਗ ਰਹੇ ਹਨ ਪਰ ਸਮਾਂ ਨਹੀਂ ਮਿਲ ਰਿਹਾ, ਜਿਸ ਤੋਂ ਕੇਂਦਰ ਦੀ ਪੰਜਾਬ ਦੇ ਹੜ੍ਹ ਪੀੜਤਾਂ ਸੰਬੰਧੀ ਚਿੰਤਾ ਜਾਂ ਸੰਜ਼ੀਦਗੀ ਨਜ਼ਰ ਆਉਂਦੀ ਹੈ | ਉਨ੍ਹਾਂ ਭਾਖੜਾ ਡੈਮ ਦੀ ਮੁਨਿਆਦ ਅਤੇ ਗਾਰ ਸੰਬੰਧੀ ਬੀ.ਬੀ.ਐਮ.ਬੀ. ਕੋਲ ਅੰਕੜੇ ਨਾ ਹੋਣ 'ਤੇ ਸਵਾਲ ਚੁੱਕੇ ਅਤੇ ਵਿਰੋਧੀ ਧਿਰ ਨੂੰ ਸੌੜੇ ਸਿਆਸੀ ਮੁਫ਼ਾਦ ਛੱਡ ਕੇ ਰਾਹਤ ਕਾਰਜਾਂ 'ਚ ਮਦਦ ਦੇਣ ਲਈ ਵੀ ਕਿਹਾ |
ਹੜ੍ਹਾਂ ਦੌਰਾਨ ਜਾਨ ਗਵਾਉਣ ਵਾਲੇ 59 ਨਾਗਰਿਕਾਂ ਨੂੰ ਸ਼ਰਧਾਂਜਲੀ
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਸੂਬੇ 'ਚ ਹੜ੍ਹਾਂ ਦੌਰਾਨ ਆਪਣੀ ਜਾਨ ਗਵਾਉਣ ਵਾਲੇ 59 ਨਾਗਰਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਜਲਾਸ ਦੀ ਸ਼ੁਰੂਆਤ 'ਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਸਮੂਹ ਮੈਂਬਰਾਂ ਵਲੋਂ ਹੋਰ ਵਿਛੜੀਆਂ ਰੂਹਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ | ਇਸ ਵਿਚ ਪੰਜਾਬ ਦੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ, ਸਾਬਕਾ ਵਿਧਾਇਕ ਰਘੁਬੀਰ ਸਿੰਘ, ਲੈਫ਼ਟੀਨੈਂਟ ਕਰਨਲ ਸ਼ਹੀਦ ਭਾਨੂੰ ਪ੍ਰਤਾਪ ਸਿੰਘ ਮਨਕੋਟੀਆ, ਏ.ਐਲ.ਡੀ. ਸ਼ਹੀਦ ਦਲਜੀਤ ਸਿੰਘ, ਲਾਂਸ ਨਾਇਕ ਸ਼ਹੀਦ ਰਿੰਕੂ ਸਿੰਘ ਤੇ ਸ਼ਹੀਦ ਪਿ੍ਤਪਾਲ ਸਿੰਘ, ਸਿਪਾਹੀ ਸ਼ਹੀਦ ਹਰਮਿੰਦਰ ਸਿੰਘ, ਅਦਾਕਾਰ ਤੇ ਕਾਮੇਡੀਅਨ ਜਸਵਿੰਦਰ ਸਿੰਘ ਭੱਲਾ, ਸੰਗੀਤਕਾਰ ਚਰਨਜੀਤ ਅਹੂਜਾ ਅਤੇ ਵਿਧਾਇਕ ਅਸ਼ਵਨੀ ਸ਼ਰਮਾ ਦੇ ਭਰਾ ਰਾਮ ਪ੍ਰਸ਼ਾਦ ਸ਼ਰਮਾ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਮੋਦੀ ਨੇ ਬਿਹਾਰ 'ਚ 'ਮੁੱਖ ਮੰਤਰੀ ਰੁਜ਼ਗਾਰ ਯੋਜਨਾ' ਦੀ ਕੀਤੀ ਸ਼ੁਰੂਆਤ <br/> ਅਗਲੀ ਖ਼ਬਰ ਸ਼ਾਹਕੋਟ ਮੰਡੀ 'ਚ 'ਆਪ' ਇੰਚਾਰਜ ਪਿੰਦਰ ਪੰਡੋਰੀ ਨੇ ਸ਼ੁਰੂ ਕਰਵਾਈ ਝੋਨੇ ਦੀ ਖ਼ਰੀਦ <br/>
Ad Position 24