ਨਵੀਂ ਦਿੱਲੀ, 26 ਸਤੰਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਸਾਂਝੇ ਤੌਰ 'ਤੇ ਮੁੱਖ ਮੰਤਰੀ ਰੁਜ਼ਗਾਰ ਯੋਜਨਾ ਤਹਿਤ ਬਿਹਾਰ ਦੀਆਂ ਔਰਤ ਲਾਭਪਾਤਰਾਂ ਦੇ ਖਾਤੇ 'ਚ 10-10 ਹਜ਼ਾਰ ਰੁਪਏ ਦੀ ਰਕਮ ਭੇਜੀ | ਪਟਨਾ 'ਚ ਨਿਤਿਸ਼ ਕੁਮਾਰ ਦੀ ਅਗਵਾਈ ਹੇਠ ਪੋ੍ਰਗਰਾਮ ਦਾ ਆਯੋਜਨ ਕੀਤਾ ਗਿਆ ਜਿਸ 'ਚ ਪ੍ਰਧਾਨ ਮੰਤਰੀ ਮੋਦੀ ਵਰਚੁਅਲੀ ਤੌਰ ਤੇ ਜੁੜੇ | ਯੋਜਨਾ ਤਹਿਤ ਬਿਹਾਰ ਦੀਆਂ 75 ਲੱਖ ਔਰਤਾਂ ਦੇ ਖਾਤੇ 'ਚ 7500 ਕਰੋੜ ਰੁਪਏ ਦੀ ਰਕਮ ਟ੍ਰਾਂਸਫਰ ਕੀਤੀ ਗਈ | ਪ੍ਰਧਾਨ ਮੰਤਰੀ ਨੇ ਪੋ੍ਰਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੇ ਭਰਾ ਨਰਿੰਦਰ ਅਤੇ ਨਿਤਿਸ਼ ਤੁਹਾਡੀ ਸੇਵਾ, ਵਿਕਾਸ ਅਤੇ ਸਵੈਭਿਆਨ ਲਈ ਕੰਮ ਕਰ ਰਹੇ ਹਨ | ਇਸ ਯੋਜਨਾ ਨਾਲ ਬਿਹਾਰ ਦੀਆਂ ਔਰਤਾਂ ਭਾਂਡੇ, ਕਾਸਮੈਟਿਕ, ਖਿਡੌਣੇ, ਸਟੇਸ਼ਨਰੀ ਆਦਿ ਦੀਆਂ ਦੁਕਾਨਾਂ ਖੋਲ੍ਹ ਸਕਦੀਆਂ ਹਨ ਅਤੇ ਪਸ਼ੂ ਪਾਲਣ 'ਚ ਵੀ ਭਾਈਵਾਲੀ ਕਰ ਸਕਦੀਆਂ ਹਨ | ਯੋਜਨਾ ਤਹਿਤ ਔਰਤਾਂ ਨੂੰ ਕਿਸ਼ਤਵਾਰ ਰਕਮ ਭੇਜੀ ਜਾਏਗੀ, ਜੇਕਰ ਲਾਭਪਾਤਰ ਸਾਰੇ ਮਾਪਦੰਡਾਂ 'ਤੇ ਪੂਰੇ ਉਤਰਦੇ ਹਨ ਤਾਂ ਉਨ੍ਹਾਂ ਨੂੰ ਕੁੱਲ 2 ਲੱਖ ਰੁਪਏ ਸਰਕਾਰ ਵਲੋਂ ਦਿੱਤੇ ਜਾਣਗੇ | ਹਾਲਾਂਕਿ ਸਾਰੀਆਂ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ | ਜਿਨ੍ਹਾਂ ਔਰਤਾਂ ਦੇ ਪਤੀ ਜਾਂ ਖੁਦ ਔਰਤ ਇਨਕਮ ਟੈਕਸ ਦੇ ਦਾਇਰੇ 'ਚ ਆਉਂਦੀ ਹੈ ਤਾਂ ਉਸ ਨੂੰ ਸਕੀਮ ਦਾ ਫ਼ਾਇਦਾ ਨਹੀਂ ਮਿਲੇਗਾ | ਕਿਸੇ ਔਰਤ ਦਾ ਪਤੀ ਜਾਂ ਉਹ ਖ਼ਦ ਸਰਕਾਰੀ ਨੌਕਰੀ 'ਚ ਹੈ ਤਾਂ ਉਸ ਨੂੰ ਇਸ ਸਕੀਮ ਦਾ ਫ਼ਾਇਦਾ ਨਹੀਂ ਮਿਲੇਗਾ | ਸਰਕਾਰੀ ਤੋਂ ਇਲਾਵਾ ਜੇਕਰ ਔਰਤ ਜਾਂ ਉਸ ਦਾ ਪਤੀ ਕਿਸੇ ਵੱਡੀ ਕੰਪਨੀ 'ਚ ਨੌਕਰੀ ਕਰਦੇ ਹਨ ਤਾਂ ਉਨ੍ਹਾਂ ਨੂੰ ਵੀ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ |
ਹੁਣ ਔਰਤਾਂ ਦੇ ਸੁਪਨਿਆਂ ਨੂੰ ਮਿਲਣਗੇ ਖੰਭ-ਮੋਦੀ
ਮੋਦੀ ਨੇ ਕਿਹਾ ਕਿ ਹੁਣ ਸਾਡੀਆਂ ਭੈਣਾਂ ਅਤੇ ਬੇਟੀਆਂ ਨੂੰ ਰੁਜ਼ਗਾਰ ਕਰਨ ਨਾਲ ਉਨ੍ਹਾਂ ਦੇ ਸੁਪਨਿਆਂ ਨੂੰ ਨਵੇਂ ਖੰਭ ਮਿਲਣਗੇ | ਉਨ੍ਹਾਂ ਨਾਲ ਹੀ ਆਪਣੀ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਤਦ ਤਾਂ ਸੰਭਵ ਹੋਇਆ ਜਦੋਂ 11 ਸਾਲ ਪਹਿਲਾਂ ਤੁਸੀਂ ਲੋਕਾਂ ਨੇ ਉਨ੍ਹਾਂ (ਮੋਦੀ) ਨੂੰ ਪ੍ਰਧਾਨ ਸੇਵਕ ਦੇ ਅਹੁਦੇ 'ਤੇ ਬਿਠਾਇਆ | ਉਨ੍ਹਾਂ ਜਨਧਨ ਯੋਜਨਾ ਤਹਿਤ ਖੋਲੇ੍ਹ ਬੈਂਕ ਖਾਤਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਦਾ ਹੀ ਨਤੀਜਾ ਹੈ ਕਿ ਅੱਜ ਸਿੱਧੇ ਉਨ੍ਹਾਂ ਖਾਤਿਆਂ 'ਚ ਇਹ ਰਕਮ ਭੇਜ ਦਿੱਤੀ ਗਈ | ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਹਿਲਾਂ ਇਕ ਪ੍ਰਧਾਨ ਮੰਤਰੀ ਕਹਿੰਦੇ ਸਨ ਕਿ ਦਿੱਲੀ ਤੋਂ ਜੇਕਰ ਇਕ ਰੁਪਿਆ ਭੇਜਿਆ ਜਾਂਦਾ ਹੈ ਤਾਂ ਸਿਰਫ਼ 15 ਪੈਸੇ ਪਹੁੰਚਦੇ ਹਨ | ਅੱਜ ਜਿਹੜੇ 10-10 ਹਜ਼ਾਰ ਰੁਪਏ ਭੇਜੇ ਹਨ, ਇਸ ਨੂੰ ਕੋਈ ਨਹੀਂ ਲੁੱਟ ਸਕਦਾ | ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਦੇਸ਼ 'ਚ ਸਭ ਤੋਂ ਜ਼ਿਆਦਾ 'ਲੱਖਪਤੀ ਦੀਦੀ' ਬਿਹਾਰ 'ਚ ਹੋਵੇਗੀ |
ਮੋਦੀ ਨੇ ਬਿਹਾਰ 'ਚ 'ਮੁੱਖ ਮੰਤਰੀ ਰੁਜ਼ਗਾਰ ਯੋਜਨਾ' ਦੀ ਕੀਤੀ ਸ਼ੁਰੂਆਤ <br/>
ਅਜੀਤ ਡੈਸਕ
27-09-2025