26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਤਾਮਿਲਨਾਡੂ 'ਚ ਅਦਾਕਾਰ ਵਿਜੇ ਦੀ ਰੈਲੀ 'ਚ ਭਾਜੜ-36 ਮੌਤਾਂ

Ad Position 21
No active advertisement
ਅਜੀਤ ਡੈਸਕ 28-09-2025

ਮਿ੍ਤਕਾਂ 'ਚ 8 ਬੱਚੇ ਤੇ 16 ਔਰਤਾਂ ਸ਼ਾਮਿਲ, ਮੁਆਵਜ਼ੇ ਦਾ ਐਲਾਨ
ਚੇਨਈ, 27 ਸਤੰਬਰ (ਏਜੰਸੀ)-ਤਾਮਿਲਨਾਡੂ ਦੇ ਕਰੂਰ 'ਚ ਅਦਾਕਾਰ ਵਿਜੇ ਦੀ ਰੈਲੀ 'ਚ ਭਾਜੜ ਮਚਣ ਨਾਲ ਕਰੀਬ 36 ਲੋਕਾਂ ਦੀ ਮੌਤ ਹੋ ਗਈ ਅਤੇ 58 ਤੋਂ ਵੱਧ ਜ਼ਖਮੀ ਹੋ ਗਏ | ਮਿ੍ਤਕਾਂ 'ਚ 16 ਔਰਤਾਂ ਤੇ 8 ਬੱਚੇ ਵੀ ਸ਼ਾਮਿਲ ਹਨ | ਤਾਮਿਲਨਾਡੂ ਦੇ ਸਿਹਤ ਮੰਤਰੀ ਐਮ.ਏ. ਸੁਬਰਾਮਣੀਅਮ ਨੇ ਇਹ ਜਾਣਕਾਰੀ ਦਿੱਤੀ | ਮਿ੍ਤਕਾਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਜਾਣਕਾਰੀ ਅਨੁਸਾਰ ਅਦਾਕਾਰ ਤੋਂ ਨੇਤਾ ਬਣੇ ਵਿਜੇ ਦੀ ਪਾਰਟੀ 'ਤਮਿਲਗਾ ਵੇਟਰੀ ਕਜ਼ਗਮ' (ਟੀ.ਵੀ.ਕੇ.) ਦੀ ਰੈਲੀ 'ਚ ਵੱਡੀ ਗਿਣਤੀ 'ਚ ਲੋਕ ਪਹੁੰਚੇ ਸਨ | ਦੱਸਿਆ ਜਾ ਰਿਹਾ ਹੈ ਕਿ 9 ਸਾਲ ਦੀ ਇਕ ਬੱਚੀ ਗੁੰਮ ਹੋ ਗਈ ਸੀ | ਵਿਜੇ ਨੇ ਮੰਚ ਤੋਂ ਪੁਲਿਸ ਤੇ ਆਪਣੇ ਵਰਕਰਾਂ ਨੂੰ ਉਸ ਨੂੰ ਲੱਭਣ ਦੀ ਅਪੀਲ ਕੀਤੀ, ਜਿਸ ਦੇ ਬਾਅਦ ਉਥੇ ਭਾਜੜ ਵਰਗੇ ਹਾਲਾਤ ਪੈਦਾ ਹੋ ਗਏ | ਭੀੜ 'ਚ ਫਸਣ ਕਾਰਨ ਕਈ ਲੋਕਾਂ ਨੂੰ ਸਾਹ ਲੈਣ 'ਚ ਤਕਲੀਫ਼ ਹੋਈ ਤੇ ਕਈ ਲੋਕ ਅਤੇ ਕਾਰਕੁੰਨ ਬੇਹੋਸ਼ ਹੋਣ ਲੱਗੇ | ਹਾਲਾਤ ਵਿਗੜਦੇ ਦੇਖ ਕੇ ਵਿਜੇ ਨੇ ਭਾਸ਼ਨ ਰੋਕ ਦਿੱਤਾ ਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ | ਜ਼ਖਮੀਆਂ ਨੂੰ ਕਰੂਰ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ | ਇਸ ਵਿਚਾਲੇ ਹਸਪਤਾਲ ਦਾ ਦੌਰਾ ਕਰਨ ਤੇ ਜ਼ਖਮੀਆਂ ਨੂੰ ਮਿਲਣ ਬਾਅਦ ਗੱਲਬਾਤ ਕਰਦੇ ਹੋਏ ਸਾਬਕਾ ਮੰਤਰੀ ਵੀ. ਸੇਂਥਿਲਬਾਲਾਜੀ ਨੇ ਪੁਸ਼ਟੀ ਕੀਤੀ ਕਿ 36 ਲੋਕਾਂ ਦੀ ਮੌਤ ਹੋ ਗਈ ਹੈ ਤੇ ਗੰਭੀਰ ਜ਼ਖਮੀਆਂ ਨੂੰ ਬਚਾਉਣ ਲਈ ਤੁਰੰਤ ਐਮਰਜੈਂਸੀ ਉਪਾਅ ਕੀਤੇ ਜਾ ਰਹੇ ਹਨ | ਮਿ੍ਤਕਾਂ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ | ਪੀ.ਐਮ.ਕੇ. ਦੇ ਪ੍ਰਧਾਨ ਡਾ.ਅਬੁਮਨੀ ਰਾਮਦਾਸ ਨੇ ਇਸ ਤਰਾਸਦੀ 'ਤੇ ਦੱੁਖ ਤੇ ਚਿੰਤਾ ਪ੍ਰਗਟ ਕੀਤੀ ਅਤੇ ਘਟਨਾ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ | ਉਨ੍ਹਾਂ ਭੀੜ ਨੂੰ ਕਾਬੂ ਕਰਨ 'ਚ ਪੁਲਿਸ ਦੀ ਨਾਕਾਮੀ ਨੂੰ ਇਸ ਘਟਨਾ ਲਈ ਜ਼ਿਮੇਵਾਰ ਠਹਿਰਾਇਆ | ਇਸੇ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਮਿਲਨਾਡੂ 'ਚ ਵਾਪਰੀ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ | ਰਾਸ਼ਟਰਪਤੀ ਨੇ ਮਿ੍ਤਕਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਜਤਾਈ ਅਤੇ ਜ਼ਖਮੀਆਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ | ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਰੀਆਂ ਸੰਵੇਦਨਾਵਾਂ ਉਨ੍ਹਾਂ ਪਰਿਵਾਰਾਂ ਨਾਲ ਹਨ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ | ਇਸ ਮੁਸ਼ਕਿਲ ਸਮੇਂ 'ਚ ਪ੍ਰਮਾਤਮਾ ਉਨ੍ਹਾਂ ਨੂੰ ਬਲ ਬਖਸ਼ਣ ਅਤੇ ਸਾਰੇ ਜ਼ਖਮੀਆਂ ਦੇ ਜਲਦ ਠੀਕ ਹੋਣ ਲਈ ਪ੍ਰਾਰਥਨਾ ਕਰਦਾ ਹਾਂ | ਇਸ ਦੌਰਾਨ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਰੂਰ ਦੀ ਭਾਜੜ ਘਟਨਾ 'ਚ ਜਾਨਾਂ ਜਾਣ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ |
ਮੁੱਖ ਮੰਤਰੀ ਸਟਾਲਿਨ ਵਲੋਂ ਘਟਨਾ ਦੀ ਜਾਂਚ ਦੇ ਆਦੇਸ਼
ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਸਕੱਤਰੇਤ ਵਿਖੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਾਲਾਤ ਦਾ ਜਾਇਜ਼ਾ ਲਿਆ | ਉਨ੍ਹਾਂ ਇਸ ਮੰਦਭਾਗੀ ਘਟਨਾ ਦੀ ਜਾਂਚ ਲਈ ਜਸਟਿਸ ਅਰੁਣ ਜਗਦੀਸਣ ਦੀ ਅਗਵਾਈ ਵਾਲੇ ਜਾਂਚ ਕਮਿਸ਼ਨ ਦਾ ਐਲਾਨ ਕੀਤਾ ਹੈ | ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸਰਕਾਰ ਹਰੇਕ ਮਿ੍ਤਕ ਦੇ ਪਰਿਵਾਰ ਨੂੰ 10-10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਵੇਗੀ | ਉਨ੍ਹਾਂ ਹਸਪਤਾਲ 'ਚ ਦਾਖ਼ਲ ਸਾਰੇ ਜ਼ਖਮੀਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਨਿਰਦੇਸ਼ ਦਿੱਤਾ ਹੈ | ਉਹ ਕੱਲ੍ਹ ਸਥਿਤੀ ਦਾ ਜਾਇਜ਼ਾ ਲੈਣ ਅਤੇ ਮਿ੍ਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਕਰੂਰ ਜਾਣਗੇ | ਉਨ੍ਹਾਂ ਨੇ ਏ.ਡੀ.ਜੀ.ਪੀ. ਨੂੰ ਕਾਨੂੰਨ ਵਿਵਸਥਾ ਬਹਾਲ ਕਰਨ ਲਈ ਕਰੂਰ ਪਹੁੰਚਣ ਦੇ ਨਿਰਦੇਸ਼ ਦਿੱਤੇ ਹਨ ਅਤੇ ਨਾਲ ਹੀ ਗੁਆਂਢੀ ਜ਼ਿਲਿ੍ਹਆਂ ਦੇ ਕੁਲੈਕਟਰਾਂ ਨੂੰ ਵੀ ਰਾਹਤ ਕਾਰਜਾਂ 'ਚ ਸ਼ਾਮਿਲ ਹੋਣ ਦੇ ਨਿਰਦੇਸ਼ ਦਿੱਤੇ ਹਨ |
ਅਮਿਤ ਸ਼ਾਹ ਵਲੋਂ ਰਾਜਪਾਲ ਤੇ ਮੁੱਖ ਮੰਤਰੀ ਨਾਲ ਗੱਲਬਾਤ
ਨਵੀਂ ਦਿੱਲੀ, (ਏਜੰਸੀ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤਾਮਿਲਨਾਡੂ ਦੇ ਰਾਜਪਾਲ ਆਰ.ਐਨ. ਰਵੀ ਅਤੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨਾਲ ਗੱਲਬਾਤ ਕੀਤੀ ਅਤੇ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਵਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ | ਸੂਤਰਾਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਬਾ ਸਰਕਾਰ ਤੋਂ ਇਸ ਘਟਨਾ ਦੀ ਵਿਸਥਾਰਿਤ ਜਾਣਕਾਰੀ ਲਈ ਰਿਪੋਰਟ ਵੀ ਮੰਗੀ ਹੈ ਅਤੇ ਇਹ ਵੀ ਦੱਸਣ ਨੂੰ ਕਿਹਾ ਹੈ ਕਿ ਪੀੜਤਾਂ ਦੇ ਬਚਾਅ ਅਤੇ ਇਲਾਜ ਲਈ ਕੀ ਕਦਮ ਚੁੱਕੇ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਪੱਧਰ 'ਤੇ ਦੂਰਸੰਚਾਰ ਉਤਪਾਦਕ ਕੇਂਦਰ ਬਣਨ ਵੱਲ ਵਧ ਰਿਹਾ ਹੈ ਭਾਰਤ-ਮੋਦੀ ਅਗਲੀ ਖ਼ਬਰ ਪਟੇਲ ਹਸਪਤਾਲ ਵਿਖੇ ਦਿਲ ਦੇ ਰੋਗਾਂ ਦਾ ਮੁਫ਼ਤ ਜਾਂਚ ਕੈਂਪ ਭਲਕੇ <br/>
Ad Position 24