27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਉੱਘੇ ਗਾਇਕ ਰਾਜਵੀਰ ਜਵੰਦਾ ਸੜਕ ਹਾਦਸੇ 'ਚ ਗੰਭੀਰ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 28-09-2025

ਫੋਰਟਿਸ ਹਸਪਤਾਲ 'ਚ ਵੈਂਟੀਲੇਟਰ 'ਤੇ ਰੱਖਿਆ
ਐੱਸ. ਏ. ਐੱਸ. ਨਗਰ, 27 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਉੱਘੇ ਪੰਜਾਬੀ ਗਾਇਕ ਅਤੇ ਬਾਈਕ ਰਾਈਡਰਜ਼ ਰਾਜਵੀਰ ਜਵੰਦਾ ਆਪਣੇ 5 ਹੋਰ ਬਾਈਕ ਰਾਈਡਰਾਂ ਨਾਲ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ 'ਚ ਪਿੰਜੌਰ ਤੋਂ ਬੱਦੀ ਜਾਂਦੇ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ | ਉਨ੍ਹਾਂ ਦੇ ਮੋਟਰਸਾਈਕਲ ਨਾਲ ਪਸ਼ੂ ਟਕਰਾਉਣ ਕਾਰਨ ਇਹ ਹਾਦਸਾ ਵਾਪਰਿਆ | ਉਪਰੰਤ ਸਾਥੀਆਂ ਵਲੋਂ ਉਨ੍ਹਾਂ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੋਂ ਮੁਢਲੀ ਸਹਾਇਤਾ ਦੇਣ ਮਗਰੋਂ ਮੁਹਾਲੀ ਦੇ ਫੇਜ਼-8 ਸਥਿਤ ਫੋਰਟਿਸ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ | ਫੋਰਟਿਸ ਹਸਪਤਾਲ ਵਲੋਂ ਮੀਡੀਆ ਨੂੰ ਜਾਰੀ ਅਧਿਕਾਰਤ ਜਾਣਕਾਰੀ ਅਨੁਸਾਰ ਰਾਜਵੀਰ ਜਵੰਦਾ ਨੂੰ ਸਨਿਚਰਵਾਰ ਨੂੰ ਗੰਭੀਰ ਹਾਲਤ ਵਿਚ ਦੁਪਹਿਰ ਕਰੀਬ 1.45 ਵਜੇ ਫੋਰਟਿਸ ਹਸਪਤਾਲ ਮੁਹਾਲੀ ਰੈਫ਼ਰ ਕੀਤਾ ਗਿਆ ਸੀ, ਜਿਥੇ ਉਨ੍ਹਾਂ ਨੂੰ ਐਮਰਜੈਂਸੀ ਵਾਰਡ ਵਿਚ ਦਾਖ਼ਲ ਕੀਤਾ ਗਿਆ ਹੈ | ਉਨ੍ਹਾਂ ਦੇ ਸਿਰ ਅਤੇ ਰੀੜ੍ਹ ਦੀ ਹੱਡੀ 'ਤੇ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਮੁਹਾਲੀ ਵਿਖੇ ਰੈਫ਼ਰ ਕੀਤੇ ਜਾਣ ਤੋਂ ਪਹਿਲਾਂ ਪਿੰਜੌਰ ਦੇ ਸਿਵਲ ਹਸਪਤਾਲ ਵਿਖੇ ਉਨ੍ਹਾਂ ਨੂੰ ਦਿਲ ਦਾ ਦੌਰਾ ਵੀ ਪਿਆ ਸੀ | ਫੋਰਟਿਸ ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਇਥੇ ਪਹੁੰਚਣ 'ਤੇ ਐਮਰਜੈਂਸੀ ਅਤੇ ਨਿਊਰੋਸਰਜਰੀ ਟੀਮਾਂ ਦੁਆਰਾ ਉਨ੍ਹਾਂ ਦੇ ਸਰੀਰ ਦੀ ਮੁਕੰਮਲ ਜਾਂਚ ਅਤੇ ਟੈਸਟ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਐਡਵਾਂਸਡ ਲਾਈਫ਼ ਸਪੋਰਟ 'ਤੇ ਰੱਖਿਆ ਗਿਆ ਹੈ | ਉਹ ਇਸ ਸਮੇਂ ਵੈਂਟੀਲੇਟਰ ਸਪੋਰਟ 'ਤੇ ਹਨ, ਜਿਥੇ ਕਿ ਉਨ੍ਹਾਂ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ | ਵੱਡੀ ਗਿਣਤੀ ਵਿਚ ਪੰਜਾਬੀ ਗਾਇਕਾਂ ਅਤੇ ਅਦਾਕਾਰਾਂ ਗਿੱਪੀ ਗਰੇਵਾਲ, ਪਿ੍ੰਸ ਕੰਵਲਜੀਤ, ਮਲਕੀਤ ਰੌਣੀ, ਜਸ ਬਾਜਵਾ, ਕੰਵਰ ਗਰੇਵਾਲ, ਪਰਮੀਸ਼ ਵਰਮਾ, ਗੁਲਾਬ ਸਿੱਧੂ, ਰਣਜੀਤ ਬਾਵਾ, ਕੁਲਵਿੰਦਰ ਬਿੱਲਾ, ਸੁਰਜੀਤ ਖਾਨ, ਜੀਤ ਜਗਜੀਤ, ਜੀ. ਖਾਨ, ਹੈਪੀ ਰਾਏਕੋਟੀ ਤੋਂ ਇਲਾਵਾ ਵਿਧਾਇਕ ਬਲਕਾਰ ਸਿੱਧੂ ਤੇ ਅਕਾਲੀ ਆਗੂ ਅਰਸ਼ਦੀਪ ਸਿੰਘ ਕਲੇਰ ਨੇ ਹਸਪਤਾਲ ਪਹੁੰਚ ਕੇ ਡਾਕਟਰਾਂ ਤੋਂ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਜਾਣਕਾਰੀ ਹਾਸਿਲ ਕੀਤੀ | ਇਸ ਮੌਕੇ ਰਾਜਵੀਰ ਜਵੰਦਾ ਦੇ ਸਾਥੀਆਂ ਨੇ ਦੱਸਿਆ ਕਿ ਰਾਜਵੀਰ ਜਵੰਦਾ ਪਿਛਲੇ ਲੰਮੇ ਸਮੇਂ ਤੋਂ ਬਾਈਕ ਰਾਈਡਰਜ਼ ਦਾ ਸ਼ੌਕ ਪਾਲਦੇ ਆ ਰਹੇ ਹਨ ਅਤੇ ਉਹ ਆਪਣੀ ਬਾਈਕ 'ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਪਹਾੜੀ ਖੇਤਰਾਂ ਵਿਚ ਕਈ ਚੱਕਰ ਲਗਾ ਚੁੱਕੇ ਹਨ |
ਗੁਰੂ ਸਾਹਿਬ ਰਾਜਵੀਰ ਨੂੰ ਸਿਹਤਯਾਬੀ ਬਖ਼ਸ਼ਣ-ਸੁਖਬੀਰ
ਚੰਡੀਗੜ੍ਹ, (ਪ੍ਰੋ.ਅਵਤਾਰ ਸਿੰਘ)– ਪ੍ਰਸਿੱਧ ਗਾਇਕ ਰਾਜਵੀਰ ਜਵੰਦਾ ਜੋ ਕਿ ਇਕ ਸੜਕ ਹਾਦਸੇ 'ਚ ਗੰਭੀਰ ਜ਼ਖਮੀ ਹੋ ਗਏ ਹਨ, ਲਈ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਕਿ ਗੁਰੂ ਸਾਹਿਬ ਰਾਜਵੀਰ ਨੂੰ ਸਿਹਤਯਾਬੀ ਬਖ਼ਸ਼ਣ ਤੇ ਉਹ ਅੱਗੇ ਪੰਜਾਬੀ ਗਾਇਕੀ ਰਾਹੀਂ ਪੰਜਾਬ ਦਾ ਮਾਣ ਵਧਾਏ |
ਚੰਗੀ ਸਿਹਤ ਲਈ ਅਰਦਾਸ ਕਰਦਾ ਹਾਂ-ਰਾਜਾ ਵੜਿੰਗ
ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ 'ਤੇ ਟਵੀਟ ਰਾਹੀਂ ਕਿਹਾ ਕਿ ਗਾਇਕ ਰਾਜਵੀਰ ਜਵੰਦਾ ਦੇ ਹਾਦਸੇ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ ਅਤੇ ਉਨ੍ਹਾਂ ਦੀ ਜਲਦ ਸਿਹਤਯਾਬੀ ਅਤੇ ਚੰਗੀ ਸਿਹਤ ਲਈ ਅਰਦਾਸ ਕਰਦਾ ਹਾਂ | ਵਾਹਿਗੁਰੂ ਉਨ੍ਹਾਂ ਨੂੰ ਤਾਕਤ ਅਤੇ ਤੰਦਰੁਸਤੀ ਬਖ਼ਸ਼ੇ |
ਹਾਦਸੇ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ-ਬਾਜਵਾ
ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੋਸ਼ਲ ਮੀਡੀਆ 'ਤੇ ਟਵੀਟ ਕਰਦਿਆਂ ਕਿਹਾ ਕਿ ਗਾਇਕ ਰਾਜਵੀਰ ਜਵੰਦਾ ਦੇ ਦੁਖਦਾਈ ਹਾਦਸੇ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ | ਇਸ ਮੁਸ਼ਕਿਲ ਸਮੇਂ 'ਚ ਮੈਂ ਉਨ੍ਹਾਂ ਦੀ ਜਲਦ ਸਿਹਤਯਾਬੀ ਲਈ ਪ੍ਰਾਰਥਨਾ ਕਰਦਾ ਹਾਂ |

Ad Position 22
No active advertisement
ਪਿਛਲੀ ਖ਼ਬਰ ਟਿ੍ਨਿਟੀ ਕਾਲਜ ਵਿਖੇ ਸਾਬਕਾ ਬਿਸ਼ਪ ਐਗਨੀਲੋ ਗ੍ਰੇਸੀਅਸ ਦੇ ਸਨਮਾਨ 'ਚ ਸਮਾਗਮ <br/> ਅਗਲੀ ਖ਼ਬਰ ਮੁਫ਼ਤ ਮੈਡੀਕਲ ਜਾਂਚ ਅਤੇ ਅੱਖਾਂ ਦੇ ਆਪ੍ਰੇਸ਼ਨ ਕੈਂਪ ਦਾ ਵੱਡੀ ਗਿਣਤੀ 'ਚ ਲੋਕਾਂ ਨੇ ਲਿਆ ਲਾਭ <br/>
Ad Position 24