ਦੋਵਾਂ ਦੇਸ਼ਾਂ ਵਿਚਾਲੇ ਵਧਿਆ ਤਣਾਅ
ਅੰਮਿ੍ਤਸਰ, 18 ਅਕਤੂਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਦੇ ਸਰਹੱਦੀ ਸੂਬੇ ਪਕਤਿਕਾ 'ਚ ਪਾਕਿਸਤਾਨ ਵਲੋਂ ਕੀਤੇ ਗਏ ਹਵਾਈ ਹਮਲੇ 'ਚ ਤਿੰਨ ਅਫ਼ਗਾਨ ਕਿ੍ਕਟਰਾਂ ਤੇ 14 ਆਮ ਨਾਗਰਿਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਹੈ | ਇਸ ਹਮਲੇ 'ਚ 16 ਅਫ਼ਗਾਨ ਨਾਗਰਿਕ ਜ਼ਖ਼ਮੀ ਵੀ ਹੋਏ ਹਨ | ਜਾਣਕਾਰੀ ਅਨੁਸਾਰ ਪਾਕਿਸਤਾਨ ਨੇ ਅਫਗਾਨਿਸਤਾਨ 'ਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਤਾਜ਼ਾ ਹਵਾਈ ਹਮਲੇ ਕੀਤੇ, ਜਿਸ 'ਚ ਤਿੰਨ ਕਿ੍ਕਟਰਾਂ ਸਮੇਤ 17 ਲੋਕ ਮਾਰੇ ਗਏ | ਡਾਨ ਨੇ ਰਿਪੋਰਟ ਦਿੱਤੀ ਕਿ ਉੱਤਰੀ ਵਜ਼ੀਰਿਸਤਾਨ 'ਚ ਇਕ ਫ਼ੌਜੀ ਟਿਕਾਣੇ 'ਤੇ ਅੱਤਵਾਦੀਆਂ ਦੁਆਰਾ ਬੰਦੂਕ ਤੇ ਬੰਬ ਨਾਲ ਕੀਤੇ ਹਮਲੇ ਤੋਂ ਬਾਅਦ ਤੇ ਇਸਲਾਮਾਬਾਦ ਤੇ ਕਾਬੁਲ ਦੁਆਰਾ ਆਪਣੀ ਦੋ ਦਿਨਾਂ ਦੀ ਜੰਗਬੰਦੀ ਵਧਾਉਣ ਦੇ ਕੁਝ ਘੰਟਿਆਂ ਬਾਅਦ ਇਹ ਹਮਲੇ ਹੋਏ | ਉੱਧਰ ਅਫ਼ਗਾਨਿਸਤਾਨ ਕਿ੍ਕਟ ਬੋਰਡ ਨੇ ਦੱਸਿਆ ਕਿ ਖਿਡਾਰੀ ਇਕ ਦੋਸਤਾਨਾ ਮੈਚ 'ਚ ਹਿੱਸਾ ਲੈਣ ਲਈ ਉਰਗੁਨ ਤੋਂ ਪਕਤਿਕਾ ਸੂਬੇ ਦੇ ਸ਼ਰਾਨਾ ਜਾ ਰਹੇ ਸਨ | ਅਫ਼ਗਾਨਿਸਤਾਨ ਕਿ੍ਕਟ ਬੋਰਡ (ਏ.ਸੀ.ਬੀ.) ਨੇ ਮਾਰੇ ਗਏ ਤਿੰਨ ਖਿਡਾਰੀਆਂ ਦੀ ਪਛਾਣ ਕਬੀਰ, ਸਿਬਘਾਤੁੱਲਾ ਤੇ ਹਾਰੂਨ ਵਜੋਂ ਕੀਤੀ ਹੈ | ਹਮਲੇ ਵਾਲੇ ਦਿਨ ਕਬੀਰ ਨੂੰ ਉਸ ਦੇ ਪਿੰਡ 'ਚ ਇਕ ਟੂਰਨਾਮੈਂਟ 'ਚ 'ਮੈਨ ਆਫ਼ ਦਿ ਮੈਚ' ਚੁਣਿਆ ਗਿਆ ਸੀ | ਟਰਾਫ਼ੀ ਫੜੀ ਹੋਈ ਉਸ ਦੀ ਇਕ ਫ਼ੋਟੋ ਵਾਇਰਲ ਹੋ ਰਹੀ ਹੈ | ਦੱਸਣਯੋਗ ਹੈ ਕਿ ਪਾਕਿ ਤੇ ਅਫ਼ਗਾਨਿਸਤਾਨ ਵਿਚਕਾਰ 48 ਘੰਟੇ ਦੀ ਜੰਗਬੰਦੀ ਬੀਤੇ ਦਿਨ ਸ਼ੁੱਕਰਵਾਰ ਸ਼ਾਮ 6 ਵਜੇ ਖ਼ਤਮ ਹੋ ਗਈ | ਇਸ ਨੂੰ ਵਧਾਉਣ ਲਈ ਇਕ ਸਮਝੌਤਾ ਹੋਇਆ ਸੀ | ਹਾਲਾਂਕਿ, ਕੁਝ ਘੰਟਿਆਂ ਬਾਅਦ ਹੀ ਪਾਕਿ ਨੇ ਪਕਤਿਕਾ ਪ੍ਰਾਂਤ 'ਚ ਹਵਾਈ ਹਮਲੇ ਕਰ ਦਿੱਤੇ | ਇਸ ਨਾਲ ਦੋਵਾਂ ਮੁਲਕਾਂ 'ਚ ਤਣਾਅ ਵਧ ਗਿਆ ਹੈ | ਅਫ਼ਗਾਨ ਮੀਡੀਆ ਅਨੁਸਾਰ ਹਮਲਿਆਂ 'ਚ ਉਰਗੁਨ ਤੇ ਬਰਮਲ ਜ਼ਿਲਿ੍ਹਆਂ ਦੇ ਕਈ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ | ਇਹ ਖੇਤਰ ਡੁਰੰਡ ਲਾਈਨ ਨੇੜੇ ਹੈ, ਜੋ ਕਿ ਦੋਵਾਂ ਦੇਸ਼ਾਂ ਦੀ ਸਰਹੱਦ ਹੈ | ਏ.ਸੀ.ਬੀ. ਨੇ ਕਿਹਾ ਕਿ ਮੈਚ ਤੋਂ ਬਾਅਦ ਉਰਗੁਨ ਵਾਪਸ ਆਉਂਦੇ ਸਮੇਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ | ਅਫ਼ਗਾਨ ਕਿ੍ਕਟ ਬੋਰਡ ਨੇ ਇਸ ਨੂੰ ਅਫ਼ਗਾਨ ਖੇਡ ਜਗਤ ਲਈ ਇਕ ਵੱਡਾ ਨੁਕਸਾਨ ਦੱਸਿਆ | ਬੋਰਡ ਨੇ ਹਮਲੇ 'ਚ ਮਾਰੇ ਗਏ ਖਿਡਾਰੀਆਂ ਦੇ ਪਰਿਵਾਰਾਂ ਪ੍ਰਤੀ ਵੀ ਸੰਵੇਦਨਾ ਪ੍ਰਗਟ ਕੀਤੀ | ਅਫ਼ਗਾਨਿਸਤਾਨ ਕਿ੍ਕਟ ਟੀਮ ਦੇ ਕਪਤਾਨ ਰਾਸ਼ਿਦ ਖ਼ਾਨ ਨੇ ਵੀ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਤੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਇਕ ਪੋਸਟ 'ਚ ਲਿਖਿਆ ਕਿ ਪਾਕਿ ਦੇ ਹਾਲ ਹੀ 'ਚ ਅਫ਼ਗਾਨਿਸਤਾਨ 'ਤੇ ਹੋਏ ਹਵਾਈ ਹਮਲੇ 'ਚ ਅਫ਼ਗਾਨ ਨਾਗਰਿਕਾਂ ਦੇ ਜਾਨੀ ਨੁਕਸਾਨ ਤੋਂ ਮੈਂ ਬਹੁਤ ਦੁਖੀ ਹਾਂ | ਰਾਸ਼ਿਦ ਖ਼ਾਨ ਨੇ ਏ. ਸੀ. ਬੀ. ਦੇ ਪਾਕਿਸਤਾਨ ਨਾਲ ਤਿਕੋਣੀ ਲੜੀ ਨਾ ਖੇਡਣ ਦੇ ਫ਼ੈਸਲੇ ਦੀ ਵੀ ਸ਼ਲਾਘਾ ਕੀਤੀ | ਉਸ ਕਿਹਾ ਕਿ ਅਜਿਹੇ ਮੁਸ਼ਕਿਲ ਸਮੇਂ 'ਚ ਕੌਮੀ ਮਾਣ ਸਭ ਤੋਂ ਪਹਿਲਾਂ ਆਉਂਦਾ ਹੈ | ਇਕ ਹੋਰ ਅਫ਼ਗਾਨ ਕਿ੍ਕਟਰ ਮੁਹੰਮਦ ਨਬੀ ਨੇ ਵੀ ਪਾਕਿਸਤਾਨੀ ਹਵਾਈ ਹਮਲੇ ਦੀ ਸਖ਼ਤ ਆਲੋਚਨਾ ਕੀਤੀ ਤੇ ਕਿ੍ਕਟਰਾਂ ਦੀ ਮੌਤ ਨੂੰ ਪੂਰੇ ਅਫ਼ਗਾਨ ਕਿ੍ਕਟ ਪਰਿਵਾਰ 'ਤੇ ਹਮਲਾ ਕਿਹਾ | ਸੰਯੁਕਤ ਰਾਸ਼ਟਰ ਅਨੁਸਾਰ ਇਸ ਹਫ਼ਤੇ 6 ਅਫ਼ਗਾਨ ਸੂਬਿਆਂ 'ਚ ਪਾਕਿਸਤਾਨੀ ਹਮਲਿਆਂ 'ਚ 37 ਨਾਗਰਿਕ ਮਾਰੇ ਗਏ ਤੇ 425 ਜ਼ਖ਼ਮੀ ਹੋਏ | ਅਫ਼ਗਾਨਿਸਤਾਨ 'ਚ ਤਾਲਿਬਾਨ ਸਰਕਾਰ ਨੇ ਪਾਕਿ 'ਤੇ ਨਾਗਰਿਕ ਖੇਤਰਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ, ਜਦਕਿ ਪਾਕਿਸਤਾਨ ਦਾ ਕਹਿਣਾ ਹੈ ਕਿ ਉਸ ਨੇ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ |
ਪਾਕਿ ਹਵਾਈ ਹਮਲੇ 'ਚ ਤਿੰਨ ਅਫ਼ਗਾਨ ਕਿ੍ਕਟਰਾਂ ਸਮੇਤ 17 ਮੌਤਾਂ
ਅਜੀਤ ਡੈਸਕ
19-10-2025