ਰੂਸੀ ਰਾਸ਼ਟਰਪਤੀ ਨੇ ਸ਼ੁੱਕਰਵਾਰ ਸਵੇਰੇ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਉਨ੍ਹਾਂ ਨੇ 'ਵਿਜ਼ਿਟਰਸ ਬੁੱਕ' 'ਚ ਗਾਂਧੀ ਬਾਰੇ ਆਪਣੇ ਵਿਚਾਰ ਲਿਖਦਿਆਂ ਉਨ੍ਹਾਂ ਨੂੰ ਆਧੁਨਿਕ ਭਾਰਤ ਦਾ ਨਿਰਮਾਤਾ ਕਰਾਰ ਦਿੱਤਾ | ਰੂਸੀ ਭਾਸ਼ਾ 'ਚ ਲਿਖੇ ਆਪਣੇ ਵਿਚਾਰਾਂ 'ਚ ਪੁਤਿਨ ਨੇ ਕਿਹਾ ਕਿ ਆਧੁਨਿਕ ਭਾਰਤੀ ਰਾਜ ਦੇ ਸੰਸਥਾਪਕਾਂ 'ਚੋਂ ਇਕ, ਮਹਾਨ ਵਿਚਾਰਕ ਅਤੇ ਮਨੁੱਖਤਾਵਾਦੀ ਮਹਾਤਮਾ ਗਾਂਧੀ ਨੇ ਵਿਸ਼ਵ ਸ਼ਾਂਤੀ ਦੇ ਉਦੇਸ਼ 'ਚ ਵਿਸ਼ੇਸ਼ ਯੋਗਦਾਨ ਦਿੱਤਾ | ਪੁਤਿਨ ਨੇ ਅੱਗੇ ਲਿਖਿਆ ਕਿ ਸੁਤੰਤਰਤਾ, ਨੈਤਿਕਤਾ ਅਤੇ ਮਨੁੱਖਤਾ ਦੇ ਬਾਰੇ ਉਨ੍ਹਾਂ ਦੇ ਵਿਚਾਰ ਅੱਜ ਵੀ ਪ੍ਰਸੰਗਿਕ ਹਨ | ਪੁਤਿਨ ਨੇ ਅੱਗੇ ਲਿਖਿਆ ਕਿ ਮਹਾਤਮਾ ਗਾਂਧੀ ਬੁਨਿਆਦੀ ਤੌਰ 'ਤੇ ਉਸ ਨਵੇਂ ਅਤੇ ਨਿਆਂਪੂਰਨ ਵਿਸ਼ਵ ਵਿਵਸਥਾ ਦੇ ਦੂਤ ਸਨ, ਜਿਸ ਨੂੰ ਅੱਜ ਵਿਸ਼ਵ ਬਣਦਿਆਂ ਵੇਖ ਰਿਹਾ ਹੈ | ਉਨ੍ਹਾਂ ਦੀਆਂ ਸਿੱਖਿਆਵਾਂ ਭਵਿੱਖ ਦੇ ਵਿਸ਼ਵ ਦਾ ਨਜ਼ਰੀਆ ਪੇਸ਼ ਕਰਦੀਆਂ ਹਨ, ਜਿਥੇ ਰਾਸ਼ਟਰ ਇਕ-ਦੂਜੇ ਦੇ ਹਿੱਤਾਂ ਨੂੰ ਧਿਆਨ 'ਚ ਰੱਖਦਿਆਂ ਬਰਾਬਰੀ, ਆਪਸੀ ਸਨਮਾਨ ਅਤੇ ਸਹਿਯੋਗ ਦੇ ਸਿਧਾਂਤਾਂ 'ਤੇ ਆਧਾਰਿਤ ਸੰਬੰਧ ਬਣਾਉਣ |