ਦੁਵੱਲੇ ਸੰਬੰਧਾਂ 'ਤੇ ਉਪ-ਪ੍ਰਧਾਨ ਮੰਤਰੀ ਅਲ ਸੈਦ ਨਾਲ ਵਿਚਾਰ ਚਰਚਾ
ਮਸਕਟ, 17 ਦਸੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬੁੱਧਵਾਰ ਨੂੰ ਓਮਾਨ ਦੇ ਰੱਖਿਆ ਮਾਮਲਿਆਂ ਦੇ ਉਪ ਪ੍ਰਧਾਨ ਮੰਤਰੀ ਸਈਦ ਸ਼ਿਹਾਬ ਬਿਨ ਤਾਰਿਕ ਅਲ ਸੈਦ ਨਾਲ ਮੁਲਾਕਾਤ ਕਰਕੇ ਦੋਵਾਂ ਦੇਸ਼ਾਂ ਵਿਚਕਾਰ ਦੋਸਤੀ ਨੂੰ ਲੈ ਕੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਗਿਆ | ਮੋਦੀ, ਜੋ ਦੋ ਦਿਨਾਂ ਦੌਰੇ 'ਤੇ ਇਥੇ ਪਹੁੰਚੇ ਹਨ, ਖਾੜੀ ਦੇਸ਼ ਦੀ ਉੱਚ ਲੀਡਰਸ਼ਿਪ ਨਾਲ ਗੱਲਬਾਤ ਕਰਨਗੇ ਅਤੇ ਇਕ ਮਹੱਤਵਾਕਾਂਖੀ ਵਪਾਰ ਸਮਝੌਤੇ 'ਤੇ ਦਸਤਖ਼ਤ ਕਰਨ ਦੀ ਵੀ ਉਮੀਦ ਹੈ | ਪ੍ਰਧਾਨ ਮੰਤਰੀ ਨੇ ਐਕਸ 'ਤੇ ਪਾਈ ਪੋਸਟ 'ਚ ਕਿਹਾ ਕਿ ਓਮਾਨ ਸਥਾਈ ਦੋਸਤੀ ਅਤੇ ਭਾਰਤ ਨਾਲ ਡੂੰਘੇ ਇਤਿਹਾਸਕ ਸੰਬੰਧਾਂ ਦੀ ਧਰਤੀ ਹੈ | ਉਨ੍ਹਾਂ ਦੀ ਯਾਤਰਾ ਸਹਿਯੋਗ ਦੇ ਨਵੇਂ ਰਸਤੇ ਲੱਭਣ ਅਤੇ ਦੁਵੱਲੀ ਭਾਈਵਾਲੀ ਨੂੰ ਤਾਜ਼ਾ ਗਤੀ ਦੇਣ ਦਾ ਮੌਕਾ ਪ੍ਰਦਾਨ ਕਰੇਗੀ | ਇਸ ਤੋਂ ਪਹਿਲਾਂ ਮਸਕਟ ਹਵਾਈ ਅੱਡੇ 'ਤੇ ਸਈਦ ਸ਼ਿਹਾਬ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਸਮੀ ਤੌਰ 'ਤੇ ਨਿੱਘਾ ਸਵਾਗਤ ਕੀਤਾ ਗਿਆ | ਮੋਦੀ ਸੁਲਤਾਨ ਹੈਥਮ ਬਿਨ ਤਾਰਿਕ ਦੇ ਸੱਦੇ 'ਤੇ ਓਮਾਨ ਦਾ ਦੌਰਾ ਕਰ ਰਹੇ ਹਨ | ਇਸ ਖਾੜੀ ਦੇਸ਼ ਦੀ ਉਨ੍ਹਾਂ ਦੀ ਦੂਜੀ ਯਾਤਰਾ ਹੈ | ਮੋਦੀ ਦਾ ਇਹ ਦੌਰਾ ਵਿਸ਼ੇਸ਼ ਮਹੱਤਵ ਰੱਖਦਾ ਹੈ, ਕਿਉਂਕਿ ਇਹ ਦੋਵਾਂ ਦੇਸ਼ਾਂ ਵਿਚਕਾਰ ਕੂਟਨੀਤਕ ਸੰਬੰਧਾਂ ਦੀ ਸਥਾਪਨਾ ਦੀ 70ਵੀਂ ਵਰ੍ਹੇਗੰਢ ਵੀ ਹੈ |