ਨਵੀਂ ਦਿੱਲੀ, 17 ਦਸੰਬਰ (ਉਪਮਾ ਡਾਗਾ ਪਾਰਥ)-ਕਾਂਗਰਸੀ ਨੇਤਾ ਰਾਹੁਲ ਗਾਂਧੀ ਜੋ ਕਿ ਇੰਡੀਅਨ ਓਵਰਸੀਜ਼ ਕਾਂਗਰਸ (ਆਈ.ਓ.ਸੀ.) ਦੇ ਸੱਦੇ 'ਤੇ 6 ਦਿਨਾ ਦੌਰੇ ਲਈ ਜਰਮਨੀ ਪਹੁੰਚੇ ਹਨ, ਨੇ ਕਿਹਾ ਕਿ ਨਿਰਮਾਣ ਮਜ਼ਬੂਤ ਅਰਥ ਵਿਵਸਥਾਵਾਂ ਦੀ ਰੀੜ ਹੈ ਅਤੇ ਨਾਲ ਹੀ ਇਹ ਵੀ ਕਿਹਾ ਕਿ ਭਾਰਤ 'ਚ ਨਿਰਮਾਣ 'ਚ ਗਿਰਾਵਟ ਆ ਰਹੀ ਹੈ | ਮਿਊਨਿਖ 'ਚ ਬੀ.ਐਮ.ਡਬਲਿਊ. ਵੈਲਟ ਅਤੇ ਬੀ.ਐਮ.ਡਬਲਿਊ. ਪਲਾਂਟ ਦੇ ਟੂਰ ਦੇ ਬਾਅਦ ਇਕ ਸੋਸ਼ਲ ਮੀਡੀਆ ਪੋਸਟ 'ਚ ਉਨ੍ਹਾਂ ਕਿਹਾ ਕਿ ਦੇਸ਼ ਨੂੰ ਵਿਕਾਸ 'ਚ ਤੇਜ਼ੀ ਲਿਆਉਣ ਲਈ ਸਾਰਥਕ ਨਿਰਮਾਣ ਵਾਤਾਵਰਨ ਪ੍ਰਣਾਲੀ ਬਣਾਉਣ ਦੀ ਲੋੜ ਹੈ | ਉਨ੍ਹਾਂ ਨੇ ਕਿਹਾ ਕਿ ਬੀ.ਐਮ.ਡਬਲਿਊ. ਟੂਰ ਦੀ ਖਾਸ ਗੱਲ ਟੀ.ਵੀ.ਐਸ. ਦੀ 450ਸੀਸੀ ਮੋਟਰਸਾਈਕਲ ਨੂੰ ਵੇਖਣਾ ਸੀ, ਜਿਸ ਨੂੰ ਬੀ.ਐਮ.ਡਬਲਿਊ. ਦੇ ਨਾਲ ਭਾਈਵਾਲੀ 'ਚ ਬਣਾਇਆ ਗਿਆ ਤੇ ਇਹ ਮਾਣ ਵਾਲਾ ਪਲ ਸੀ ਕਿ ਭਾਰਤੀ ਇੰਜੀਨੀਅਰਿੰਗ ਨੂੰ ਵਿਖਾਇਆ ਜਾ ਰਿਹਾ ਸੀ | ਉਨ੍ਹਾਂ ਕਿਹਾ ਕਿ ਵਿਕਾਸ 'ਚ ਤੇਜ਼ੀ ਲਿਆਉਣ ਲਈ ਸਾਨੂੰ ਜ਼ਿਆਦਾ ਉਤਪਾਦਨ ਕਰਨ ਦੀ ਲੋੜ ਹੈ | ਆਈ.ਓ.ਸੀ. ਚੇਅਰਮੈਨ ਸੈਮ ਪਿਟਰੋਦਾ ਨਾਲ ਰਾਹੁਲ ਗਾਂਧੀ ਜੋ ਕਿ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਨ, ਵਿਸ਼ਵ ਭਰ 'ਚ ਭਾਰਤੀ ਭਾਈਚਾਰੇ ਨਾਲ ਸੰੰਬੰਧਾਂ ਨੂੰ ਮਜ਼ਬੂਤ ਕਰਨ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੇ ਲੋਕਤੰਤਰਿਕ ਤੇ ਆਰਥਿਕ ਦਿ੍ਸ਼ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ ਕਈ ਕੂਟਨੀਤਕ ਤੇ ਭਾਈਚਾਰਕ ਪ੍ਰੋਗਰਾਮਾਂ 'ਚ ਹਿੱਸਾ ਲੈਣਗੇ | ਆਈ.ਓ.ਸੀ. ਯੂ. ਕੇ. ਦੇ ਜਨਰਲ ਸਕੱਤਰ ਵਿਕਰਮ ਦੁਹਾਨ ਨੇ ਇਸ ਦੌਰੇ ਦੇ ਮਹੱਤਵ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਭਾਰਤ ਦੀ ਵਿਸ਼ਵ ਪੱਧਰੀ ਭੂਮਿਕਾ 'ਤੇ ਗੱਲਬਾਤ ਲਈ ਇਕ ਮੁੱਲਵਾਨ ਮੰਚ ਪ੍ਰਦਾਨ ਕਰੇਗਾ ਤੇ ਜਰਮਨੀ ਸੰਸਦ ਮੈਂਬਰਾਂ ਦੇ ਨਾਲ ਵਿਚਾਰਾਂ ਤੇ ਮੌਕਿਆਂ ਦੇ ਆਦਾਨ ਪ੍ਰਦਾਨ ਨੂੰ ਉਤਸ਼ਾਹਿਤ ਕਰੇਗਾ |