ਨਵੀਂ ਦਿੱਲੀ, 17 ਦਸੰਬਰ (ਮਿਸਰਦੀਪ ਭਾਟੀਆ)-ਦਿੱਲੀ ਪੁਲਿਸ ਨੇ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਅਤੇ ਆਰਜ਼ੂ ਬਿਸ਼ਨੋਈ ਗਰੋਹ ਦੇ ਇਸ਼ਾਰੇ 'ਤੇ ਕੰਮ ਕਰਨ ਵਾਲੇ 5 ਸ਼ੂਟਰਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਨ੍ਹਾਂ ਸ਼ੂਟਰਾਂ ਨੇ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿਚ ਵੱਡੇ ਹੱਤਿਆਕਾਂਡ ਕੀਤੇ ਸਨ | ਇਨ੍ਹਾਂ ਨੇ 1 ਦਸੰਬਰ ਨੂੰ ਚੰਡੀਗੜ੍ਹ ਵਿਚ ਗੋਲਡੀ ਬਰਾੜ ਨਾਲ ਜੁੜੇ ਇੰਦਰਪ੍ਰੀਤ ਪੈਰੀ ਦੀ ਹੱਤਿਆ ਕਰ ਦਿੱਤੀ ਗਈ ਸੀ | ਸਤੰਬਰ ਵਿਚ ਅੰਮਿ੍ਤਸਰ 'ਚ ਲਾਇਨ ਬਾਰ ਰੈਸਟੋਰੈਂਟ ਦੇ ਮਾਲਕ ਆਸ਼ੂ ਮਹਾਜਨ ਦੀ ਹੱਤਿਆ ਕੀਤੀ ਸੀ ਅਤੇ ਜੂਨ ਵਿਚ ਪੰਚਕੂਲਾ 'ਚ ਕਬੱਡੀ ਖਿਡਾਰੀ ਸੋਨੂੰ ਨਾਲਟਾ ਦੀ ਹੱਤਿਆ ਕੀਤੀ ਸੀ | ਦਿੱਲੀ ਪੁਲਿਸ ਅਨੁਸਾਰ ਇਹ ਸਾਰੇ ਦੋਸ਼ੀ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਲੋੜੀਂਦੇ ਸਨ ਅਤੇ ਲੰਬੇ ਸਮੇਂ ਤੋਂ ਫ਼ਰਾਰ ਸਨ | ਗਿ੍ਫ਼ਤਾਰ ਕੀਤੇ ਦੋਸ਼ੀਆਂ ਦੀ ਪਛਾਣ ਪਿਊਸ਼ ਪਿਪਲਾਨੀ (28), ਅੰਕੁਸ਼ ਸੋਲੰਕੀ (23), ਕੁੰਵਰਬੀਰ (30), ਲਵਪ੍ਰੀਤ ਸਿੰਘ (26) ਅਤੇ ਸੰਤੋਖ ਉਰਫ਼ ਕਪਿਲ ਖੱਤਰੀ (29) ਵਜੋਂ ਹੋਈ ਹੈ | ਵਧੀਕ ਪੁਲਿਸ ਕਮਿਸ਼ਨਰ ਪ੍ਰਮੋਦ ਕੁਸ਼ਵਾਹ ਨੇ ਦੱਸਿਆ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵਲੋਂ ਦੋ ਵੱਖ-ਵੱਖ ਕਾਰਵਾਈਆਂ 'ਚ ਉਕਤ ਗਿ੍ਫ਼ਤਾਰੀਆਂ ਕੀਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਦੋਸ਼ੀ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਕਈ ਅਪਰਾਧਿਕ ਮਾਮਲਿਆਂ ਵਿਚ ਵੀ ਸ਼ਾਮਲ ਸਨ, ਜਿਨ੍ਹਾਂ 'ਚ ਕਤਲ, ਜਬਰੀ ਵਸੂਲੀ ਅਤੇ ਆਰਮਜ਼ ਐਕਟ ਤਹਿਤ ਅਪਰਾਧ ਸ਼ਾਮਿਲ ਹਨ | ਦੋਸ਼ੀ ਇਕ ਹੋਰ ਵੱਡੇ ਅਪਰਾਧ ਦੀ ਯੋਜਨਾ ਬਣਾ ਰਹੇ ਸਨ | ਦੋਸ਼ੀਆਂ ਕੋਲੋਂ ਚਾਰ ਹਥਿਆਰ ਅਤੇ ਵੱਡੀ ਮਾਤਰਾ 'ਚ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ |