ਪੰਥਕ ਏਜੰਡੇ ਦਾ ਅਸਰ-3 ਜ਼ਿਲ੍ਹਾ ਪ੍ਰੀਸ਼ਦ ਤੇ 17 ਬਲਾਕ ਸੰਮਤੀ ਜ਼ੋਨ ਜਿੱਤੇ
ਮੁੱਲਾਂਪੁਰ-ਦਾਖਾ, 17 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਪੰਥਕ ਏਜੰਡਾ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਮਨਪ੍ਰੀਤ ਸਿੰਘ ਇਯਾਲੀ ਨੇ ਵਿਧਾਨ ਸਭਾ ਹਲਕਾ ਦਾਖਾ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਹੂੰਝਾਫੇਰ ਜਿੱਤ ਪ੍ਰਾਪਤ ਕਰਕੇ ਹੈਟਿ੍ਕ ਮਾਰ ਲਈ ਹੈ | ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸਿਆਸੀ ਮਤਭੇਦਾਂ ਦੇ ਚੱਲਦਿਆਂ ਵਿਧਾਇਕ ਇਯਾਲੀ ਵਲੋਂ ਹਲਕਾ ਦਾਖਾ 'ਚ ਦੋਵੇਂ ਚੋਣਾਂ ਲਈ ਆਜ਼ਾਦ ਉਮੀਦਵਾਰ ਐਲਾਨੇ ਗਏ | ਅੱਜ ਜੀ.ਟੀ.ਬੀ. ਕਾਲਜ ਦਾਖਾ (ਲੁਧਿ:) 'ਚ ਵੋਟਾਂ ਦੀ ਗਿਣਤੀ ਮੌਕੇ ਆਜ਼ਾਦ ਉਮੀਦਵਾਰਾਂ ਦੀ ਬੜ੍ਹਤ ਨੇ ਟੁੱਟਣ ਦਾ ਨਾਂਅ ਹੀ ਨਹੀਂ ਲਿਆ | ਜ਼ਿਲ੍ਹਾ ਪ੍ਰੀਸ਼ਦ ਜ਼ੋਨ ਹਾਂਸ ਕਲਾਂ ਲਈ ਇਯਾਲੀ ਦੀ ਹਮਾਇਤ ਆਜ਼ਾਦ ਉਮੀਦਵਾਰ ਅਮਨਦੀਪ ਕੌਰ ਸਾਬਕਾ ਸਰਪੰਚ ਰੂਮੀ ਵਿਰੋਧੀ ਕਾਂਗਰਸੀ ਉਮੀਦਵਾਰ ਨੂੰ ਹਰਾ ਕੇ ਜੇਤੂ ਬਣੀ | ਦੂਸਰੀ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੁੜੈਣ ਲਈ ਆਜ਼ਾਦ ਉਮੀਦਵਾਰ ਗੁਰਮੀਤ ਸਿੰਘ ਹਾਂਸ ਸਿੱਧਵਾਂ ਬੇਟ ਜੇਤੂ ਰਿਹਾ | ਜ਼ਿਲ੍ਹਾ ਪ੍ਰੀਸ਼ਦ ਤੀਸਰੀ ਜ਼ੋਨ ਮੋਹੀ ਲਈ ਆਜ਼ਾਦ ਉਮੀਦਵਾਰ ਪ੍ਰੋ: ਪ੍ਰਦੀਪ ਕੌਰ ਲਤਾਲਾ ਨੇ ਮੁੱਖ ਵਿਰੋਧੀ ਕਾਂਗਰਸੀ ਉਮੀਦਵਾਰ ਨੂੰ ਹਰਾ ਕੇ ਜਿੱਤ ਦਾ ਝੰਡਾ ਗੱਡਿਆ | ਤਿੰਨੋਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਜਿੱਤ ਕੇ ਮਨਪ੍ਰੀਤ ਸਿੰਘ ਇਯਾਲੀ ਤੇ ਉਸ ਦੀ ਵਲੰਟੀਅਰ ਟੀਮ ਨੇ ਆਗਾਮੀ ਆਮ ਚੋਣਾਂ ਲਈ ਰਾਹ ਪੱਧਰਾ ਕਰ ਲਿਆ ਹੈ | ਬਲਾਕ ਸੰਮਤੀ ਜ਼ੋਨ ਗੁੜੇ ਲਈ ਆਜ਼ਾਦ ਉਮੀਦਵਾਰ ਹਰਭਜਨ ਕੌਰ ਧਨੋਆ ਤਲਵੰਡੀ ਕਲਾਂ ਵੱਡੇ ਫਰਕ ਨਾਲ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਨੂੰ ਹਰਾ ਕੇ ਜੇਤੂ ਰਹੀ | ਦਾਖਾ ਲਈ ਆਜ਼ਾਦ ਉਮੀਦਵਾਰ ਵੀਰਪਾਲ ਕੌਰ ਸੇਖੋਂ, ਮਾਨ (ਚੌਂਕੀਮਾਨ) ਲਈ ਆਜ਼ਾਦ ਉਮੀਦਵਾਰ ਰਾਜਦੀਪ ਸਿੰਘ ਖ਼ਾਲਸਾ, ਸਲੇਮਪੁਰਾ ਲਈ ਆਜ਼ਾਦ ਉਮੀਦਵਾਰ ਮਨਦੀਪ ਕੌਰ ਥਿੰਦ ਜੇਤੂ ਰਹੀ | ਸੰਮਤੀ ਜ਼ੋਨ ਰਾਊਵਾਲ ਤੋਂ ਆਜ਼ਾਦ ਉਮੀਦਵਾਰ ਅਮਨਦੀਪ ਸਿੰਘ ਅਤੇ ਸੰਮਤੀ ਧੂਲਕੋਟ ਤੋਂ ਆਜ਼ਾਦ ਉਮੀਦਵਾਰ ਗੁਰਮੇਲ ਸਿੰਘ ਵਿਰੋਧੀ ਕਾਂਗਰਸੀ ਉਮੀਦਵਾਰ ਨੂੰ ਹਰਾ ਕੇ ਜੇਤੂ ਰਹੇ | ਸੰਮਤੀ ਜ਼ੋਨ ਫੱਲੇਵਾਲ ਲਈ ਆਜ਼ਾਦ ਉਮੀਦਵਾਰ ਅਮਨਦੀਪ ਕੌਰ, ਗੁੱਜਰਵਾਲ ਲਈ ਆਜ਼ਾਦ ਉਮੀਦਵਾਰ ਗੁਰਵਿੰਦਰ ਸਿੰਘ ਕੁਲਾਰ, ਢੈਪਈ ਲਈ ਆਜ਼ਾਦ ਉਮੀਦਵਾਰ ਪਰਮਜੀਤ ਕੌਰ, ਬੱਦੋਵਾਲ ਲਈ ਆਜ਼ਾਦ ਉਮੀਦਵਾਰ ਲਖਵੀਰ ਸਿੰਘ, ਜਾਂਗਪੁਰ ਲਈ ਆਜ਼ਾਦ ਉਮੀਦਵਾਰ ਦਲਜੀਤ ਕੌਰ ਪਮਾਲ, ਸੋਹੀਆਂ ਲਈ ਆਜ਼ਾਦ ਉਮੀਦਵਾਰ ਅਮਰਜੀਤ ਕੌਰ, ਢੋਲਣ ਲਈ ਆਜ਼ਾਦ ਉਮੀਦਵਾਰ ਸੁਰਿੰਦਰ ਕੌਰ, ਰੂਮੀ ਲਈ ਆਜ਼ਾਦ ਉਮੀਦਵਾਰ ਕਮਲਜੀਤ ਕੌਰ, ਸਵੱਦੀ ਕਲਾਂ ਤੋਂ ਆਜ਼ਾਦ ਉਮੀਦਵਾਰ ਸੁਖਵਿੰਦਰ ਸਿੰਘ, ਬਸੈਮੀ ਤੋਂ ਆਜ਼ਾਦ ਉਮੀਦਵਾਰ ਲਖਵਿੰਦਰ ਸਿੰਘ, ਭੂੰਦੜੀ ਤੋਂ ਆਜ਼ਾਦ ਉਮੀਦਵਾਰ ਹਰਪ੍ਰੀਤ ਕੌਰ ਸਾਰੇ ਜੇਤੂ ਬਣੇ | ਆਪਣੇ ਆਜ਼ਾਦ ਉਮੀਦਵਾਰਾਂ ਨੂੰ ਵਧਾਈ ਅਤੇ ਹਲਕਾ ਦਾਖਾ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਇਯਾਲੀ ਨੇ ਕਿਹਾ ਕਿ ਪੰਥ ਪ੍ਰਸਤਾਂ ਦੀ ਪੰਥਕ ਸੋਚ, ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ, ਸ਼੍ਰੋਮਣੀ ਅਕਾਲੀ ਦਲ ਦੇ ਪੁਰਾਤਨ ਮਾਪਦੰਡਾਂ ਅਤੇ ਲੋਕ ਮੁੱਦਿਆਂ ਦੀ ਹੋਈ ਜਿੱਤ ਲਈ ਸ਼ੁਕਰਗੁਜ਼ਾਰ ਹਾਂ |
ਮਨਪ੍ਰੀਤ ਸਿੰਘ ਇਯਾਲੀ ਕਾਂਗਰਸ ਦੀ ਸਰਕਾਰ ਹੁੰਦਿਆਂ ਸਾਲ 2019 ਹਲਕਾ ਦਾਖਾ ਜ਼ਿਮਨੀ ਚੋਣ ਵਿਚ ਕਾਂਗਰਸ ਨੂੰ ਹਰਾ ਕੇ ਵਿਧਾਇਕ ਬਣੇ | ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਦ ਪੂਰੇ ਮਾਲਵੇ 'ਚ ਅਕਾਲੀ ਦਲ ਦਾ ਸਫਾਇਆ ਹੋ ਗਿਆ, ਉਦੋਂ ਵੀ ਇਯਾਲੀ ਨੂੰ ਹਲਕਾ ਦਾਖਾ ਵਿਧਾਇਕ ਚੁਣਨ ਵਿਚ ਪੰਥਕ ਹਲਕੇ ਦੇ ਵੋਟਰਾਂ ਦਾ ਵੱਡਾ ਯੋਗਦਾਨ ਸੀ | ਹੁਣ ਅਕਾਲੀ ਦਲ ਨਾਲ ਸਿਧਾਂਤਕ ਵਖਰੇਵਿਆਂ ਦੇ ਚੱਲਦਿਆਂ ਜ਼ਿਲ੍ਹਾ ਪ੍ਰੀਸ਼ਦ/ਬਲਾਕ ਸੰਮਤੀ ਚੋਣਾਂ ਲਈ ਆਜ਼ਾਦ ਉਮੀਦਵਾਰ ਖੜ੍ਹੇ ਕਰਕੇ ਤੀਸਰੀ ਵਾਰ ਵੀ ਇਤਿਹਾਸਿਕ ਜਿੱਤ ਹਾਸਿਲ ਕੀਤੀ | ਸਿੱਖ ਕੌਮ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਇਯਾਲੀ ਨੇ ਕਿਹਾ ਕਿ ਮੇਰਾ ਪੰਥਕ ਏਜੰਡਾ ਅਤੇ ਹਲਕੇ ਦੇ ਲੋਕਾਂ ਵਿਚ ਵਿਚਰਨਾ ਹੀ ਮੇਰੀ ਤੀਹਰੀ ਜਿੱਤ ਦਾ ਜਾਮਨ ਹੈ |
ਇਯਾਲੀ ਦੀ ਇਯਾਲੀ 'ਚ ਵੀ ਚੜ੍ਹਤ!

ਵਿਧਾਨ ਸਭਾ ਹਲਕਾ ਗਿੱਲ ਅਧੀਨ ਇਯਾਲੀ ਦੀ ਪੁਸ਼ਤੈਨੀ ਬਲਾਕ ਸੰਮਤੀ ਜ਼ੋਨ ਇਯਾਲੀ ਖੁਰਦ ਵਿਚ ਆਜ਼ਾਦ ਉਮੀਦਵਾਰ ਰਵਿੰਦਰ ਕੌਰ ਪਤਨੀ ਰਘਵੀਰ ਸਿੰਘ ਚੋਣ ਜਿੱਤ ਗਏ | ਗੁਆਂਢੀ ਪਿੰਡ ਇਯਾਲੀ ਕਲਾਂ 'ਚ ਵਿਧਾਇਕ ਦੀ ਹਮਾਇਤ ਵਾਲੇ ਆਜ਼ਾਦ ਉਮੀਦਵਾਰ ਕਿਰਪਾਲ ਸਿੰਘ (ਪਾਲਾ) ਵਲੋਂ ਜਿੱਤੀ ਚੋਣ ਨੇ ਇਯਾਲੀ ਦੇ ਸਿਆਸੀ ਕੱਦ ਨੂੰ ਹੋਰ ਉੱਚਾ ਕੀਤਾ | ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਨੇ ਆਪਣੇ ਸੰਮਤੀ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ |
ਹਲਕਾ ਦਾਖਾ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਇਕਤਰਫ਼ਾ ਜਿੱਤ
ਅਜੀਤ ਡੈਸਕ
18-12-2025