ਇਕ ਗੈਂਗਸਟਰ ਦਿੱਲੀ ਹਵਾਈ ਅੱਡੇ ਤੇ ਇਕ ਅੰਮਿ੍ਤਸਰ ਤੋਂ ਕਾਬੂ
ਰਾਜਬੀਰ ਸਿੰਘ
ਲਾਲੜੂ, 17 ਦਸੰਬਰ-ਪ੍ਰਸਿੱਧ ਕਬੱਡੀ ਖਿਡਾਰੀ ਤੇ ਕਬੱਡੀ ਪ੍ਰਮੋਟਰ ਕੰਵਰ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰੀਆ ਦੀ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ ਕਾਰਵਾਈ ਕਰਦਿਆਂ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਸਥਿਤ ਲੈਹਲੀ ਨੇੜੇ ਪੈਂਦੀ ਝਰਮਲ ਨਦੀ ਦੇ ਪੁਲ ਨੇੜੇ ਖੰਡਰ ਪਈ ਇਮਾਰਤ 'ਚ ਬਾਅਦ ਦੁਪਹਿਰ ਕਰੀਬ 3 ਵਜੇ ਪੁਲਿਸ ਮੁਕਾਬਲੇ 'ਚ ਇਕ ਗੈਂਗਸਟਰ ਨੂੰ ਢੇਰ ਕਰ ਦਿੱਤਾ, ਜਿਸ ਦੀ ਪਛਾਣ ਹਰਪਿੰਦਰ ਸਿੰਘ ਵਾਸੀ ਤਰਨ ਤਾਰਨ ਵਜੋਂ ਹੋਈ ਹੈ | ਐਸ. ਐਸ. ਪੀ. ਮੁਹਾਲੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਹਰਪਿੰਦਰ ਸਿੰਘ ਤੇ ਐਸ਼ਦੀਪ ਸਿੰਘ ਦੋਵੇਂ ਵਿਦੇਸ਼ ਭੱਜਣ ਦੀ ਫ਼ਿਰਾਕ 'ਚ ਸਨ | ਉਨ੍ਹਾਂ ਦੱਸਿਆ ਕਿ ਹਰਪਿੰਦਰ ਸਿੰਘ ਪਿੰਡ ਲੈਹਲੀ ਨੇੜੇ ਲੁੱਕਿਆ ਹੋਇਆ ਸੀ, ਜਦੋਂਕਿ ਉਸ ਨੇ ਐਸ਼ਦੀਪ ਨੂੰ ਲੈਹਲੀ ਖੇਤਰ ਤੋਂ ਚੁੱਕਣਾ ਸੀ, ਪ੍ਰੰਤੂ ਉਸ ਦੀ ਗਿ੍ਫ਼ਤਾਰੀ ਕਾਰਨ ਉਨ੍ਹਾਂ ਦਾ ਆਪਸ 'ਚ ਤਾਲਮੇਲ ਨਹੀਂ ਹੋ ਸਕਿਆ | ਪੁਲਿਸ ਟੀਮ ਨੇ ਜਿਵੇਂ ਹੀ ਉਕਤ ਖੰਡਰਨੁਮਾ ਇਮਾਰਤ 'ਚ ਪੁੱਜ ਕੇ ਮੁਲਜ਼ਮ ਹਰਪਿੰਦਰ ਸਿੰਘ ਨੂੰ ਘੇਰਾ ਪਾਇਆ ਤਾਂ ਉਸ ਨੇ ਪੁਲਿਸ 'ਤੇ ਗੋਲੀਬਾਰੀ ਕਰ ਦਿੱਤੀ, ਜਿਸ ਕਾਰਨ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ | ਪੁਲਿਸ ਵਲੋਂ ਕੀਤੀ ਜਵਾਬੀ ਕਾਰਵਾਈ ਦੌਰਾਨ ਗੋਲੀ ਲੱਗਣ ਨਾਲ ਗੈਂਗਸਟਰ ਹਰਪਿੰਦਰ ਸਿੰਘ ਦੀ ਮੌਤ ਹੋ ਗਈ | ਉਨ੍ਹਾਂ ਦੱਸਿਆ ਕਿ ਹਰਪਿੰਦਰ ਸਿੰਘ ਜ਼ਿਲ੍ਹਾ ਤਰਨ ਤਾਰਨ ਜ਼ਿਲ੍ਹੇ ਦੇ ਨੌਸ਼ਹਿਰਾ ਪੰਨੂੰਆਂ ਦਾ ਰਹਿਣ ਵਾਲਾ ਸੀ | ਪੁਲਿਸ ਨੇ ਰਾਣਾ ਬਲਾਚੌਰੀਆ ਦੀ ਹੱਤਿਆ ਦੇ ਮੁੱਖ ਸਾਜ਼ਿਸ਼ਕਰਤਾ ਐਸ਼ਦੀਪ ਸਿੰਘ ਨੂੰ ਦਿੱਲੀ ਤੋਂ ਅਤੇ ਉਸ ਦੀ ਪੁੱਛਗਿੱਛ ਦੇ ਆਧਾਰ 'ਤੇ ਅੰਮਿ੍ਤਸਰ ਤੋਂ ਇਕ ਹੋਰ ਕਥਿਤ ਮੁਲਜ਼ਮ ਜੁਗਰਾਜ ਸਿੰਘ ਨੂੰ ਕਾਬੂ ਕੀਤਾ ਸੀ | ਪੁਲਿਸ ਨੂੰ ਮੁਕਾਬਲੇ 'ਚ ਮਾਰੇ ਗਏ ਗੈਂਗਸਟਰ ਦਾ ਸੁਰਾਗ ਵੀ ਉਸ ਤੋਂ ਹੀ ਮਿਲਿਆ ਸੀ, ਜੋ ਕਿ ਲੈਹਲੀ ਸਥਿਤ ਇਕ ਖੰਡਰ ਇਮਾਰਤ 'ਚ ਲੁਕਿਆ ਹੋਇਆ ਸੀ | ਐਸ. ਐਸ. ਪੀ. ਹਰਮਨਦੀਪ ਸਿੰਘ ਹਾਂਸ ਅਨੁਸਾਰ ਐਸ਼ਦੀਪ ਡੋਨੀ ਬੱਲ ਦਾ ਹੈਂਡਲਰ ਅਤੇ ਕੋਆਰਡੀਨੇਟਰ ਸੀ | ਉਸ ਨੇ ਰਾਣਾ ਬਲਾਚੌਰੀਆ ਦੀ ਹੱਤਿਆ ਦੀ ਯੋਜਨਾ ਬਣਾਈ ਸੀ ਅਤੇ ਹੱਤਿਆ ਤੋਂ ਬਾਅਦ ਵਿਦੇਸ਼ ਭੱਜਣ ਲਈ ਉਹ ਟਿਕਟ ਵੀ ਬੁੱਕ ਕਰਵਾ ਚੁੱਕਾ ਸੀ | ਉਨ੍ਹਾਂ ਦੱਸਿਆ ਕਿ ਐਸ਼ਦੀਪ ਨੂੰ ਕਾਬੂ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਉਹ 25 ਨਵੰਬਰ ਨੂੰ ਰੂਸ ਤੋਂ ਭਾਰਤ ਆਇਆ ਸੀ ਅਤੇ ਉਹ ਪਹਿਲਾਂ ਵੀ ਕਈ ਵਾਰਦਾਤਾਂ 'ਚ ਸ਼ਾਮਿਲ ਰਹਿ ਚੁੱਕਾ ਹੈ | ਇਸ ਦਾ ਡੋਨੀ ਬੱਲ ਦੇ ਨਾਲ ਸਿੱਧਾ ਸੰਪਰਕ ਹੈ | ਉਨ੍ਹਾਂ ਦੱਸਿਆ ਕਿ ਦੋ ਹੋਰ ਮੁਲਜ਼ਮ ਜੋਧਾ (ਇਟਲੀ) ਅਤੇ ਗੁਰਲਾਲ (ਅਮਰੀਕਾ) ਡੋਨੀ ਬੱਲ ਦੇ ਕਰਿੰਦੇ ਹਨ ਅਤੇ ਇਹ ਉਨ੍ਹਾਂ ਦੇ ਸੰਪਰਕ 'ਚ ਸੀ | ਮੁਲਜ਼ਮਾਂ ਨੇ ਪੂਰੀ ਯੋਜਨਾ ਨਾਲ ਵਿਦੇਸ਼ ਭੱਜਣ ਦੀ ਤਿਆਰੀ ਕੀਤੀ ਸੀ | ਬੀਤੀ 14 ਦਸੰਬਰ ਨੂੰ ਉਸ ਨੇ ਟਿਕਟ ਵੀ ਬੁੱਕ ਕਰਵਾ ਲਈ ਸੀ ਅਤੇ 15 ਦਸੰਬਰ ਨੂੰ ਹੱਤਿਆ ਕਰਨ ਤੋਂ ਬਾਅਦ ਇਹ ਦਿੱਲੀ ਲਈ ਰਵਾਨਾ ਹੋ ਗਿਆ ਸੀ, ਜਦਕਿ 16 ਦਸੰਬਰ ਨੂੰ ਸੂਚਨਾ ਮਿਲਣ 'ਤੇ ਉਸ ਨੂੰ ਹਵਾਈ ਅੱਡੇ ਤੋਂ ਗਿ੍ਫਤਾਰ ਕਰ ਲਿਆ ਗਿਆ ਸੀ | ਐਸ. ਐਸ. ਪੀ. ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਉਨ੍ਹਾਂ ਨੂੰ ਪਤਾ ਚੱਲਿਆ ਸੀ ਕਿ ਇਸ ਵਾਰਦਾਤ 'ਚ 5-6 ਵਿਅਕਤੀ ਸ਼ਾਮਿਲ ਸਨ, ਜਿਨ੍ਹਾਂ 'ਚ ਦੋ ਸਰਗਰਮ ਸ਼ੂਟਰ ਸ਼ਾਮਿਲ ਸਨ, ਜਦਕਿ 4 ਹੋਰ ਵਿਅਕਤੀ ਉਨ੍ਹਾਂ ਦੀ ਮਦਦ ਕਰ ਰਹੇ ਸਨ | ਇਨ੍ਹਾਂ 'ਚੋਂ ਅੱਜ ਇਕ ਮੁਲਜ਼ਮ ਦਾ ਮੁਕਾਬਲਾ ਹੋ ਗਿਆ ਹੈ | ਇਹ ਮੁਲਜ਼ਮ 5-6 ਵਾਰਦਾਤਾਂ 'ਚ ਸ਼ਾਮਿਲ ਸੀ ਅਤੇ ਸਰਗਰਮ ਸ਼ੂਟਰਾਂ ਦਾ ਸਾਥ ਦੇ ਰਿਹਾ ਸੀ |
ਜਿਗਾਨਾ ਪਿਸਤੌਲ ਨਾਲ ਪੁਲਿਸ 'ਤੇ ਕੀਤੀ ਗੋਲੀਬਾਰੀ
ਐੱਸ. ਐੱਸ. ਪੀ. ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਜਿਸ ਗੈਂਗਸਟਰ ਦਾ ਅੱਜ ਮੁਕਾਬਲਾ ਹੋਇਆ ਹੈ, ਉਸ ਕੋਲ ਜਿਗਾਨਾ ਪਿਸਤੌਲ (9 ਐਮ. ਐਮ.) ਸੀ, ਜਿਸ ਨਾਲ ਉਸ ਨੇ ਪੁਲਿਸ 'ਤੇ ਗੋਲੀਬਾਰੀ ਕੀਤੀ, ਜਿਸ ਦੌਰਾਨ 2 ਪੁਲਿਸ ਮੁਲਜ਼ਮ ਜ਼ਖ਼ਮੀ ਹੋ ਗਏ | ਐੱਸ. ਐੱਸ. ਪੀ. ਨੇ ਦੱਸਿਆ ਕਿ ਬਾਕੀ ਸ਼ੂਟਰਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਉਨ੍ਹਾਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਆਦਿੱਤਿਆ ਕਪੂਰ ਅਤੇ ਪਾਠਕ ਮੁੱਖ ਸ਼ੂਟਰ ਹਨ |
ਰਾਣਾ ਬਲਾਚੌਰੀਆ ਦੀ ਹੱਤਿਆ 'ਚ ਸ਼ਾਮਿਲ ਇਕ ਗੈਂਗਸਟਰ ਮੁਕਾਬਲੇ 'ਚ ਹਲਾਕ
ਅਜੀਤ ਡੈਸਕ
18-12-2025