ਭੰਗਾਲਾ, 1 ਜੂਨ (ਬਲਵਿੰਦਰਜੀਤ ਸਿੰਘ ਸੈਣੀ)- ਡਾ. ਭੀਮ ਰਾਓ ਅੰਬੇਡਕਰ ਦੀ ਜੈਅੰਤੀ ਦੇ ਮੌਕੇ ਭਾਰਤੀ ਜਨਤਾ ਪਾਰਟੀ ਨੇ ਪ੍ਰਬੰਧ ਜਨ ਸੰਪਰਕ ਅਭਿਆਨ ਸ਼ੁਰੂ ਕੀਤਾ ਹੈ ਜਿਸ ਦੇ ਤਹਿਤ ਅਨੁਸੂਚਿਤ ਜਾਤੀਆਂ ਦੇ ਗਿਆਨਵਾਨ ਲੋਕਾਂ ਨੂੰ ਭਾਰਤ ਦੇ ਸੰਵਿਧਾਨ ਦੀ ਸੁਰੱਖਿਆ ਅਤੇ ਮੋਦੀ ਸਰਕਾਰ ਦੁਆਰਾ ਅਨੁਸੂਚਿਤ ਜਾਤੀਆਂ ਤੇ ਡਾ. ਭੀਮ ਰਾਓ ਅੰਬੇਡਕਰ ਦੇ ਸੰਬੰਧ ਵਿਚ ਕੀਤੇ ਗਏ ਕੰਮਾਂ, ਯੋਜਨਾਵਾਂ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਜਾਂਦੀ ਹੈ | ਪੈੱ੍ਰਸ ਮਿਲਣੀ ਦੌਰਾਨ ਪ੍ਰਬੰਧ ਜਨ ਸੰਪਰਕ ਟੀਮ ਦੇ ਮੈਂਬਰ ਸੀਨੀਅਰ ਭਾਜਪਾ ਨੇਤਾ ਸ਼ੰਭੂ ਨਾਥ ਭਾਰਤੀ ਮੌਜੋਵਾਲ ਨੇ ਦੱਸਿਆ ਕਿ ਭਾਜਪਾ ਦੁਆਰਾ ਪ੍ਰਬੰਧ ਜਨ ਸੰਪਰਕ ਅਭਿਆਨ ਦੀ ਸ਼ੁਰੂਆਤ ਇੱਕ ਸ਼ਲਾਘਾਯੋਗ ਕਦਮ ਹੈ | ਸੰਪਰਕ ਅਭਿਆਨ ਤਹਿਤ ਸ਼ੰਭੂ ਨਾਥ ਭਾਰਤੀ ਨੇ ਦਸੂਹਾ ਦੇ ਨਿਵਾਸੀ ਸੇਵਾਮੁਕਤ ਡਿਪਟੀ ਡਾਇਰੈਕਟਰ ਗੁਲਬੀਰ ਸਿੰਘ ਨਾਲ ਸੰਪਰਕ ਕੀਤਾ ਅਤੇ ਦੱਸਿਆ ਕਿ ਮੋਦੀ ਸਰਕਾਰ ਨੇ ਅਨੁਸੂਚਿਤ ਜਾਤੀਆਂ ਦੇ ਅਧਿਕਾਰਾਂ ਦੀ ਰੱਖਿਆ ਤੇ ਭਲਾਈ ਲਈ ਬੇ-ਮਿਸਾਲ ਕੰਮ ਕੀਤਾ ਹੈ | ਭਾਰਤੀ ਨੇ ਕਿਹਾ ਕਿ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦਲਿਤ ਭਾਈਚਾਰੇ ਨੂੰ ਗੁਮਰਾਹ ਕਰਨ ਲਈ ਮੋਦੀ ਸਰਕਾਰ ਬਾਰੇ ਬੇ-ਬੁਨਿਆਦ ਝੂਠਾ ਪ੍ਰਚਾਰ ਫੈਲਾ ਰਹੀਆਂ ਹਨ, ਜਿਸ ਵਿਚ ਵਿਰੋਧੀ ਧਿਰ ਕਦੇ ਵੀ ਸਫਲ ਨਹੀਂ ਹੋ ਸਕਦੀ ਕਿਉਂਕਿ ਅਨੁਸੂਚਿਤ ਜਾਤੀਆਂ ਦੇ ਲੋਕ ਬਹੁਤ ਬੁੱਧੀਮਾਨ ਹਨ | ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਭਾਜਪਾ ਸਰਕਾਰ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼ ਵਿਚ ਹੈ, ਪਰ ਇਹ ਕਾਂਗਰਸ ਹੀ ਹੈ ਜਿਸ ਨੇ ਦਰਜਨਾਂ ਵਾਰ ਸੰਵਿਧਾਨ ਨੂੰ ਬਦਲਿਆ ਹੈ | ਭਾਜਪਾ ਸਰਕਾਰ ਨੇ ਭੀਮ ਰਾਓ ਅੰਬੇਡਕਰ ਦਾ ਸਨਮਾਨ ਕੀਤਾ ਹੈ ਅਤੇ ਉਨ੍ਹਾਂ ਨਾਲ ਸਬੰਧਿਤ ਇਤਿਹਾਸਕ ਸਥਾਨਾਂ 'ਤੇ ਯਾਦਗਾਰਾਂ ਬਣਾਈਆਂ ਹਨ ਤਾਂ ਜੋ ਯੁਗਾਂ-ਯੁਗਾਂ ਤੱਕ ਆਉਣ ਵਾਲੀਆਂ ਪੀੜ੍ਹੀਆਂ ਰਾਸ਼ਟਰ ਨਿਰਮਾਣ ਵਿਚ ਡਾ. ਭੀਮ ਰਾਓ ਅੰਬੇਡਕਰ ਦੀ ਮਹੱਤਵਪੂਰਨ ਭੂਮਿਕਾ ਨੂੰ ਜਾਣ ਸਕਣ |