ਦਸੂਹਾ, 1 ਸਤੰਬਰ (ਭੁੱਲਰ)-ਦਸੂਹਾ ਦੇ ਨੇੜੇ ਪੈਂਦੇ ਪਿੰਡ ਡੁਗਰੀ ਦਾ ਇਕ ਨੌਜਵਾਨ ਬਿਆਸ ਦਰਿਆ ਦੇ ਪਾਣੀ ਦੇ ਤੇਜ਼ ਬਹਾਅ 'ਚ ਰੁੜ੍ਹ ਗਿਆ, ਜਿਸ ਸੰਬੰਧੀ ਅਜੇ ਤੱਕ ਕੁੱਝ ਵੀ ਪਤਾ ਨਹੀਂ ਲੱਗ ਸਕਿਆ | ਨੌਜਵਾਨ ਦੇ ਪਾਣੀ ਰੁੜ੍ਹਨ ਦੀ ਖ਼ਬਰ ਮਿਲਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ | ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਲਵਿੰਦਰ ਸਿੰਘ ਉਰਫ਼ ਬੰਟੀ ਪੁੱਤਰ ਸਰੂਪ ਸਿੰਘ ਪਿੰਡ ਡੁਗਰੀ ਆਪਣੇ ਸਾਥੀਆਂ ਸਮੇਤ ਡੇਰਾ ਬਿਆਸ ਵਿਖੇ ਸੇਵਾ ਕਰਨ ਲਈ ਗਿਆ ਹੋਇਆ ਸੀ ਕਿ ਬੀਤੀ ਕੱਲ੍ਹ ਸ਼ਾਮ 4 ਵਜੇ ਉਨ੍ਹਾਂ ਨੂੰ ਫ਼ੋਨ ਆਇਆ ਕਿ ਉਹ ਬੰਨ੍ਹ ਨੇੜੇ ਮਿੱਟੀ ਦੀ ਬੋਰੀ ਲਗਾ ਰਿਹਾ ਸੀ ਕਿ ਅਚਾਨਕ ਉਸ ਦਾ ਪੈਰ ਫਿਸਲ ਗਿਆ ਤੇ ਉਹ ਪਾਣੀ ਦੇ ਤੇਜ਼ ਵਹਾਅ 'ਚ ਡਿਗ ਗਿਆ | ਉਕਤ ਨੌਜਵਾਨ ਦਾ ਅਜੇ 6 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਹੈ ਉਹ ਦੋ ਭਰਾ ਤੇ ਇਕ ਭੈਣ ਦੱਸੇ ਜਾ ਰਹੇ ਹਨ | ਪਰਿਵਾਰਕ ਮੈਂਬਰ ਘਟਨਾ ਸਥਾਨ 'ਤੇ ਪਹੁੰਚ ਗਏ ਹਨ ਪਰ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦਾ ਸੰਪਰਕ ਨਹੀਂ ਹੋ ਰਿਹਾ | ਉਸ ਦੀ ਹਰ ਢੰਗ ਨਾਲ ਬਿਆਸ ਦਰਿਆ 'ਚੋਂ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕੋਈ ਵੀ ਸਥਿਤੀ ਸਪੱਸ਼ਟ ਨਹੀਂ ਹੋ ਸਕੀ |