ਬੀਣਵਾਲ, 1 ਸਤੰਬਰ (ਬੈਜ ਚੌਧਰੀ)-ਪਿਛਲੇ 24 ਘੰਟਿਆਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਬੀਤ ਇਲਾਕੇ ਦੀ ਮੁੱਖ ਸੜਕ ਬੰਦ ਹੋ ਗਈ | ਗੜ੍ਹਸ਼ੰਕਰ-ਨੰਗਲ ਮੇਨ ਸੜਕ 'ਤੇ ਪੈਂਦੀ ਪੰਡੋਰੀ ਖੱਡ, ਕੋਟ ਖੱਡ 'ਚ ਭਾਰੀ ਹੜ੍ਹ ਆਉਣ ਨਾਲ ਕਈ ਘੰਟੇ ਆਵਾਜਾਈ ਬੰਦ ਰਹੀ ਤੇ ਸੜਕ 'ਤੇ ਘਾਟੇ ਵਿਚ ਦਰੱਖਤ ਡਿੱਗਣ ਨਾਲ ਸੜਕ ਬੰਦ ਹੋ ਗਈ | ਖਨਣ ਸਮੱਗਰੀ ਦੇ ਭਰੇ 2 ਟਿੱਪਰ ਵੀ ਪਲਟਣ ਨਾਲ ਸੜਕ ਬੰਦ ਹੋ ਗਈ | ਨੰਗਲ ਤੋਂ ਆਉਣ-ਜਾਣ ਵਾਲੇ ਵਾਹਨਾਂ ਨੂੰ ਅੱਡਾ ਝੂੰਗੀਆਂ ਤੋਂ ਵਾਇਆ ਨੈਣਵਾਂ-ਪੋਜੇਵਾਲ ਹੋ ਕੇ ਗੜ੍ਹਸ਼ੰਕਰ ਜਾਣਾ ਪਿਆ | ਇਕੱਤਰ ਹੋਰ ਜਾਣਕਾਰੀ ਮੁਤਾਬਿਕ ਸ਼ਿਵਾਲਿਕ ਤੋਂ ਨਿਕਲ ਰਹੀਆਂ ਸਾਰੀਆਂ ਖੱਡਾਂ 'ਚ ਪਾਣੀ ਓਵਰਫ਼ਲੋ ਹੋਣ ਨਾਲ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਝੱਲਣੀ ਪਈ | ਕੁਲ ਮਿਲਾ ਕੇ ਕੋਈ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾ ਰਿਹਾ |