ਹੁਸ਼ਿਆਰਪੁਰ, 2 ਸਤੰਬਰ (ਬਲਜਿੰਦਰਪਾਲ ਸਿੰਘ)-ਇੰਡੀਅਨ ਮੈਡੀਕਲ ਐਸੋਸੀਏਸ਼ਨ ਹੁਸ਼ਿਆਰਪੁਰ ਦਾ ਵਫ਼ਦ ਪ੍ਰਧਾਨ ਡਾ. ਬਲਵਿੰਦਰਜੀਤ ਸਿੰਘ ਸੈਣੀ ਦੀ ਅਗਵਾਈ 'ਚ ਸੰਸਦ ਮੈਂਬਰ ਡਾ. ਰਾਜ ਕੁਮਾਰ ਨੂੰ ਮਿਲਿਆ | ਇਸ ਮੌਕੇ ਵਫ਼ਦ ਨੇ ਸੂਬੇ 'ਚ ਆਏ ਹੜ੍ਹਾਂ ਦੇ ਚੱਲਦਿਆਂ ਘਰੋਂ-ਬੇਘਰ ਹੋਏ ਪੀੜਤਾਂ ਦੀ ਮਦਦ ਲਈ ਖਾਣਾ ਅਤੇ ਹੋਰ ਜ਼ਰੂਰੀ ਸਾਮਾਨ ਦੇਣ ਦੀ ਗੱਲ ਕਹੀ | ਇਸ ਮੌਕੇ ਡਾ. ਬਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਆਈ. ਐਮ. ਏ. ਵਲੋਂ ਹੜ੍ਹ ਪੀੜਤਾਂ ਲਈ ਖਾਣਾ ਤੇ ਕੁੱਝ ਰਾਸ਼ੀ ਇਕੱਤਰ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ | ਇਸ ਮੌਕੇ ਡਾ. ਰਾਜ ਕੁਮਾਰ ਨੇ ਕਿਹਾ ਕਿ ਉਹ ਇਸ ਸੰਬੰਧੀ ਕਾਰਜਕਾਰੀ ਸਿਵਲ ਸਰਜਨ ਡਾ. ਸੀਮਾ ਗਰਗ ਨੂੰ ਮਿਲਣ ਅਤੇ ਡਾਕਟਰੀ ਪੇਸ਼ੇ ਨਾਲ ਸੰਬੰਧਿਤ ਜੋ ਵੀ ਸਾਮਾਨ ਜਿਵੇਂ ਮੱਛਰਾਂ ਤੋਂ ਬਚਣ ਲਈ ਕਰੀਮ ਤੇ ਕਲੋਰੀਨ ਦੀਆਂ ਗੋਲੀਆਂ ਆਦਿ ਪ੍ਰਾਪਤ ਕਰ ਲੈਣ | ਇਸ ਮੌਕੇ ਡਾ. ਰਾਜ ਕੁਮਾਰ ਨੇ ਵਫ਼ਦ ਨੂੰ ਦੱਸਿਆ ਕਿ ਇਸ ਸਮੇਂ ਸਥਿਤੀ ਕਾਬੂ 'ਚ ਹੈ ਅਤੇ ਆਉਣ ਵਾਲੇ ਸਮੇਂ ਕੁਝ ਮੌਸਮੀ ਬਿਮਾਰੀਆਂ ਜਿਵੇਂ ਡੇਂਗੂ ਆਦਿ ਫੈਲਣ ਦਾ ਖ਼ਤਰਾ ਹੈ | ਇਸ ਮੌਕੇ ਆਈ. ਐਮ. ਏ ਨੇ ਕਿਹਾ ਉਹ ਪ੍ਰਸ਼ਾਸਨ ਨਾਲ ਮਿਲ ਕੇ ਚੱਲਣਗੇ ਅਤੇ ਪ੍ਰਭਾਵਿਤ ਖੇਤਰਾਂ 'ਚ ਸੇਵਾ ਲਈ ਤਿਆਰ ਹਨ | ਡਾ. ਸੀਮਾ ਗਰਗ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਜੋ ਵੀ ਸੰਭਵ ਮਦਦ ਹੋ ਸਕਦੀ ਹੈ ਉਹ ਕੀਤੀ ਜਾ ਰਹੀ ਹੈ | ਇਸ ਮੌਕੇ ਸਾਬਕਾ ਸੂਬਾ ਪ੍ਰਧਾਨ ਡਾ. ਰਜਿੰਦਰ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਆਈ. ਐਮ. ਏ ਡਾ. ਹਰੀਸ਼ ਬੱਸੀ, ਮੀਤ ਪ੍ਰਧਾਨ ਡਾ. ਅਸ਼ਵਨੀ ਕੇ ਜੁਨੇਜਾ ਆਦਿ ਹਾਜ਼ਰ ਸਨ |