ਟਾਂਡਾ ਉੜਮੁੜ, 2 ਸਤੰਬਰ (ਭਗਵਾਨ ਸਿੰਘ ਸੈਣੀ)-ਪਿੰਡ ਜਹੂਰਾ ਨੇੜੇ ਸ਼ੁਰੂ ਕੀਤੇ ਜਾਣ ਵਾਲੇ ਸੀ. ਬੀ. ਜੀ. (ਕੰਪ੍ਰੇਸਡ ਬਾਇਓ ਗੈਸ) ਪਲਾਟ ਦਾ ਪਿੰਡ ਜਹੂਰਾ ਤੇ ਨਜ਼ਦੀਕੀ ਪਿੰਡਾਂ ਦੇ ਵਾਸੀਆਂ ਨੇ ਵਿਰੋਧ ਕੀਤਾ ਹੈ ਅਤੇ ਇਸ ਨੂੰ ਬੰਦ ਕਰਵਾਉਣ ਲਈ ਇਕ ਮੰਗ-ਪੱਤਰ ਐੱਸ. ਡੀ. ਐੱਮ. ਟਾਂਡਾ ਲਈ ਉਨ੍ਹਾਂ ਦੇ ਦਫ਼ਤਰ ਜਾ ਕੇ ਭੇਟ ਕੀਤਾ ਗਿਆ ਹੈ | ਹੜ੍ਹ ਪੀੜਤਾਂ ਦੀ ਮਦਦ ਲਈ ਡਿਊਟੀ 'ਤੇ ਗਏ ਐੱਸ. ਡੀ. ਐੱਮ. ਟਾਂਡਾ ਪਰਮਪ੍ਰੀਤ ਸਿੰਘ ਦੀ ਗ਼ੈਰ-ਮੌਜੂਦਗੀ 'ਚ ਪਿੰਡ ਜਹੂਰਾ, ਕਲਿਆਣਪੁਰ ਤੇ ਹੋਰਨਾਂ ਪਿੰਡਾਂ ਦੇ ਵਾਸੀਆਂ ਨੇ ਮੰਗ ਪੱਤਰ ਸੁਪਰਡੈਂਟ ਸੁਖਵਿੰਦਰ ਸਿੰਘ ਨੂੰ ਭੇਟ ਕਰਕੇ ਇਸ ਪਲਾਟ ਨੂੰ ਸ਼ੁਰੂ ਨਾ ਹੋਣ ਦੇਣ ਦੀ ਮੰਗ ਕੀਤੀ | ਇਸ ਤੋਂ ਬਾਅਦ ਉਨ੍ਹਾਂ ਬੀ. ਡੀ. ਪੀ. ਓ. ਟਾਂਡਾ ਨੂੰ ਵੀ ਮੰਗ-ਪੱਤਰ ਭੇਟ ਕੀਤਾ | ਮੰਗ ਪੱਤਰ ਦੇਣ ਆਏ ਪਿੰਡਾਂ ਦੇ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਪਿੰਡ 'ਚ ਫ਼ੈਕਟਰੀ ਨੇੜੇ ਇਹ ਪਲਾਂਟ ਲਗਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਦੇ ਲੱਗਣ ਕਾਰਨ ਵਾਤਾਵਰਨ ਤੇ ਪਾਣੀ ਦੂਸ਼ਿਤ ਹੋਵੇਗਾ, ਜਿਸ ਨਾਲ ਬਿਮਾਰੀਆਂ ਫੈਲਣ ਦਾ ਡਰ ਹੈ, ਇਸ ਦੇ ਨਾਲ ਹੀ ਕੂੜਾ ਡੰਪ ਹੋਣ ਕਾਰਨ ਮੱਛਰ ਮੱਖੀਆਂ ਪੈਦਾ ਹੋਣਗੀਆਂ | ਉਨ੍ਹਾਂ ਦੱਸਿਆ ਕਿ ਕਾਇਦੇ ਮੁਤਾਬਿਕ ਅਜਿਹਾ ਪਲਾਂਟ ਪਹਿਲੇ ਪਲਾਂਟ ਤੋਂ 12 ਕਿੱਲੋਮੀਟਰ ਦੂਰੀ 'ਤੇ ਲਗਾਇਆ ਜਾ ਸਕਦਾ ਹੈ ਜਦ ਕਿ ਭੋਗਪੁਰ ਲੱਗੇ ਪਲਾਂਟ ਦੀ ਦੂਰੀ ਇੱਥੋਂ 9 ਕਿੱਲੋਮੀਟਰ ਹੈ | ਉਨ੍ਹਾਂ ਆਖਿਆ ਕਿ ਉਹ ਆਉਣ ਵਾਲੇ ਦਿਨਾਂ 'ਚ ਵਿਧਾਇਕ ਤੇ ਮੰਤਰੀਆਂ ਨੂੰ ਮੰਗ-ਪੱਤਰ ਦੇਣਗੇ ਤੇ ਕਿਸੇ ਵੀ ਕੀਮਤ 'ਤੇ ਇਹ ਪਲਾਂਟ ਪਿੰਡ ਵਿਚ ਨਹੀਂ ਲੱਗਣ ਦੇਣਗੇ | ਇਸ ਮੌਕੇ ਸਰਪੰਚ ਰਾਜੇਸ਼ ਕੁਮਾਰ ਸ਼ਾਲੂ ਜਹੂਰਾ, ਕਿਸਾਨ ਆਗੂ ਅਮਰਜੀਤ ਸਿੰਘ ਲਾਡੀ ਚੌਲਾਂਗ, ਸਰਪੰਚ ਜਗਤਾਰ ਸਿੰਘ, ਕੁਲਵਿੰਦਰ ਸਿੰਘ, ਸੋਨੂ ਜਹੂਰਾ, ਹਰਦਿਆਲ ਸਿੰਘ, ਮਨਮੋਹਨ ਸਿੰਘ, ਨਿਸ਼ਾਨ ਸਿੰਘ, ਅਮਰਜੀਤ ਸਿੰਘ, ਅਮੀਰ ਸਿੰਘ, ਦੀਵਾਨ ਸਿੰਘ, ਰੁਪਿੰਦਰ ਸਿੰਘ, ਗੋਲਡੀ, ਕੁਲਵਿੰਦਰ ਸਿੰਘ, ਸੰਤ ਪ੍ਰਕਾਸ਼ ਸਿੰਘ, ਬਖ਼ਸ਼ੀਸ਼ ਸਿੰਘ, ਪ੍ਰਸ਼ੋਤਮ ਸਿੰਘ, ਨਿਰਮਲ ਸਿੰਘ, ਗੁਰਚਰਨ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ |