ਹੁਸ਼ਿਆਰਪੁਰ, 5 ਸਤੰਬਰ (ਬਲਜਿੰਦਰਪਾਲ ਸਿੰਘ)-ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਨਰਸਿੰਗ ਹੁਸ਼ਿਆਰਪੁਰ 'ਚ ਬੀਬੀ ਦਵਿੰਦਰ ਕੌਰ ਔਲਖ ਚੇਅਰਪਰਸਨ ਤੇ ਮੈਨੇਜਿੰਗ ਡਾਇਰੈਕਟਰ, ਡਾ. ਡਿੰਪਲ ਸੰਧੂ ਪਿ੍ੰਸੀਪਲ ਤੇ ਡਾ. ਪੂਨਮ ਤੂਰ ਵਾਈਸ ਪਿ੍ੰਸੀਪਲ ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਨਰਸਿੰਗ ਦੀ ਅਗਵਾਈ 'ਚ ਵਿਸ਼ਵ ਅਧਿਆਪਕ ਦਿਵਸ ਉਤਸ਼ਾਹ ਨਾਲ ਮਨਾਇਆ | ਸਮਾਗਮ ਦੀ ਸ਼ੁਰੂਆਤ ਮੌਕੇ ਬੀਬੀ ਦਵਿੰਦਰ ਕੌਰ ਔਲਖ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਸਾਰਿਆਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਅੱਜ ਕਾਲਜ ਬੁਲੰਦੀਆਂ ਨੂੰ ਛੋਹ ਰਿਹਾ ਹੈ | ਇਸ ਮੌਕੇ ਉਨ੍ਹਾਂ ਆਪਣੇ ਪ੍ਰੇਰਨਾਸ੍ਰੋਤ ਮੈਡਮ ਸਤਵੰਤ ਚਾਵਲਾ ਦੀ ਸ਼ਲਾਘਾ ਕੀਤੀ | ਇਸ ਮੌਕੇ ਬੀਬੀ ਔਲਖ ਨੇ ਕਾਲਜ ਦੇ ਅਧਿਆਪਕਾਂ ਤੇ ਵਿਦਿਆਰਥਣਾਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੱਤੀ ਤੇ ਕਿਹਾ ਕਿ ਅਧਿਆਪਕ ਹਮੇਸ਼ਾ ਪ੍ਰੇਰਨਾਸ੍ਰੋਤ ਬਣ ਕੇ ਵਿਦਿਆਰਥੀਆਂ ਦੇ ਜੀਵਨ ਦੇ ਅਸਲੀ ਮਾਰਗ ਦਰਸ਼ਕ ਬਣਦੇ ਹਨ, ਕਿਉਂਕਿ ਉਹ ਹੀ ਨਿਰਸਵਾਰਥ ਭਾਵਨਾ ਨਾਲ ਵਿਦਿਆਰਥੀਆਂ ਦਾ ਭਵਿੱਖ ਸੰਵਾਰਦੇ ਹਨ | ਉਨ੍ਹਾਂ ਕਿਹਾ ਕਿ ਸਾਰੇ ਅਧਿਆਪਕ ਨਰਸਿੰਗ ਕਰਦੀਆਂ ਵਿਦਿਆਰਥਣਾਂ ਲਈ ਇਕ ਵਰਦਾਨ ਹਨ, ਜੋ ਉਨ੍ਹਾਂ ਨੂੰ ਕਾਮਯਾਬੀ ਦੀਆਂ ਪੌੜੀਆਂ ਚੜ੍ਹਨ ਅਤੇ ਸਮਾਜ ਨੂੰ ਸੁਰੱਖਿਅਤ ਸਿਹਤ ਸਹੂਲਤਾਂ ਦੇਣ 'ਚ ਅਹਿਮ ਭੂਮਿਕਾ ਨਿਭਾਅ ਰਹੇ ਹਨ | ਇਸ ਮੌਕੇ ਉਨ੍ਹਾਂ ਅਧਿਆਪਕਾਂ ਨੂੰ ਫੁੱਲਾਂ ਦੇ ਗੁਲਦਸਤੇ, ਪੈੱਨ ਤੇ ਹੋਰ ਤੋਹਫ਼ੇ ਵੀ ਭੇਟ ਕੀਤੇ | ਇਸ ਮੌਕੇ ਕਾਲਜ 'ਚ ਅਧਿਆਪਕਾਂ ਲਈ ਕੇਕ ਵੀ ਕੱਟਿਆ ਗਿਆ | ਇਸ ਮੌਕੇ ਡਾ. ਡਿੰਪਲ ਸੰਧੂ ਪਿ੍ੰਸੀਪਲ ਕਾਲਜ ਆਫ਼ ਨਰਸਿੰਗ ਵਲੋਂ ਅਧਿਆਪਕਾਂ ਨੂੰ ਮਿਹਨਤ ਨਾਲ ਕੰਮ ਕਰਕੇ ਨਰਸਿੰਗ ਕਿੱਤੇ ਨੂੰ ਤਰਜੀਹ ਦਿੰਦੇ ਹੋਏ ਕਾਲਜ ਦਾ ਨਾਂਅ ਰੌਸ਼ਨ ਕਰਨ 'ਚ ਉਨ੍ਹਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਕਿਹਾ ਕਿ ਅਧਿਆਪਕ ਕਾਲਜ ਦੀ ਅਸਲੀ ਫੁਲਵਾੜੀ ਹਨ, ਜੋ ਆਪਣੀ ਮਿਹਨਤ ਸਦਕਾ ਕਾਲਜ ਨੂੰ ਬੁਲੰਦੀਆਂ 'ਤੇ ਪਹੁੰਚਾ ਰਹੇ ਹਨ | ਉਨ੍ਹਾਂ ਅਧਿਆਪਕਾਂ ਨੂੰ ਭਵਿੱਖ 'ਚ ਹੋਰ ਵਧੀਆ ਕਾਰਗੁਜ਼ਾਰੀ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ |