ਦਸੂਹਾ, 22 ਸਤੰਬਰ (ਕੌਸ਼ਲ)-ਦਸੂਹਾ 'ਚ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਦੀ ਅਗਵਾਈ ਹੇਠ ਪ੍ਰਸ਼ਾਸਨ ਦੀ ਹਾਜ਼ਰੀ 'ਚ ਸੈਲਰ ਮਾਲਕਾਂ ਤੇ ਆੜ੍ਹਤੀ ਯੂਨੀਅਨ ਦੀ ਮਹੱਤਵਪੂਰਣ ਮੀਟਿੰਗ ਹੋਈ | ਇਸ ਮੌਕੇ ਐਸ. ਡੀ. ਐਮ. ਕਵਲਜੀਤ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਕੇ. ਪੀ. ਸੰਧੂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ 'ਚ ਵਿਧਾਇਕ ਘੁੰਮਣ ਨੇ ਸਪੱਸ਼ਟ ਕਰ ਦਿੱਤਾ ਕਿ ਮੰਡੀ 'ਚ ਆਉਣ ਵਾਲੀ ਕਿਸਾਨਾਂ ਦੀ ਸਾਫ਼ ਤੇ ਸੁੱਕੀ ਫ਼ਸਲ ਨੂੰ ਕੱਟਣ ਜਾਂ ਕਿਸੇ ਵੀ ਤਰੀਕੇ ਨਾਲ ਨੁਕਸਾਨ ਪਹੁੰਚਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਵਿਧਾਇਕ ਨੇ ਜ਼ਿਮੀਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫ਼ਸਲ ਨੂੰ ਪੂਰੀ ਤਰ੍ਹਾਂ ਸਾਫ਼-ਸੁਥਰਾ ਅਤੇ ਸੁੱਕਾ ਕਰਕੇ ਮੰਡੀ ਵਿਚ ਲੈ ਕੇ ਆਉਣ ਤਾਂ ਜੋ ਖਰੀਦ-ਫ਼ਰੋਖ਼ਤ ਵਿਚ ਕੋਈ ਰੁਕਾਵਟ ਨਾ ਆਵੇ ਤੇ ਉਨ੍ਹਾਂ ਨੂੰ ਸਹੀ ਭਾਅ ਮਿਲ ਸਕੇ | ਸੈਲਰ ਮਾਲਕਾਂ ਨੇ ਵੀ ਸਰਕਾਰ ਨੂੰ ਭਰੋਸਾ ਦਿਵਾਇਆ ਕਿ ਉਹ ਕਿਸਾਨਾਂ ਦੇ ਹਿੱਤਾਂ ਦੀ ਪੂਰੀ ਰੱਖਿਆ ਕਰਨਗੇ ਤੇ ਮੰਡੀ ਦੇ ਕੰਮਕਾਜ ਵਿਚ ਸਰਕਾਰ ਨਾਲ ਸਹਿਯੋਗ ਕਰਣਗੇ | ਉਨ੍ਹਾਂ ਨੇ ਇਹ ਵੀ ਯਕੀਨ ਦਵਾਇਆ ਕਿ ਕਿਸਾਨਾਂ ਨੂੰ ਮੰਡੀ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਵਿਧਾਇਕ ਘੁੰਮਣ ਨੇ ਕਿਹਾ ਕਿ ਜਲਦ ਹੀ ਠੇਕੇਦਾਰਾਂ ਨਾਲ ਪ੍ਰਸ਼ਾਸਨ ਦੀ ਮੀਟਿੰਗ ਕਰਵਾਈ ਜਾਵੇਗੀ | ਇਸ ਮਹੱਤਵਪੂਰਨ ਮੀਟਿੰਗ 'ਚ ਅਮਰੀਕ ਸਿੰਘ ਗੱਗੀ, ਸ਼ੇਰਪ੍ਰਤਾਪ ਸਿੰਘ ਚੀਮਾ, ਤੇਜਿੰਦਰਪਾਲ ਸਿੰਘ ਚੀਮਾ, ਨਵਦੀਪ ਪਾਲ ਸਿੰਘ ਰਿੰਪਾ, ਨੰਦਾ ਰਾਇਸ, ਲਾਡੀ ਨਈਅਰ, ਬਾਬਾ ਹਨੀ, ਗੋਰਾ ਰੱਲ੍ਹਣ, ਮਨਪ੍ਰੀਤ ਸਿੰਘ ਇੰਸਪੈਕਟਰ, ਬਲਜੀਤ ਸਿੰਘ ਘੋਗਰਾ, ਲਖਵਿੰਦਰ ਸਿੰਘ ਲੱਖਾ, ਸੋਨਾ ਪੱਸੀ ਕੰਢੀ ਅਤੇ ਸੁਰਿੰਦਰ ਬਾਜਾਚੱਕ ਹਾਜ਼ਰ ਸਨ | ਬੈਠਕ ਨੂੰ ਦਸੂਹਾ ਮੰਡੀ ਵਿਚ ਪਾਰਦਰਸ਼ੀ ਤੇ ਨਿਆਂਪੂਰਨ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਵੱਲ ਵੱਡਾ ਕਦਮ ਮੰਨਿਆ ਜਾ ਰਿਹਾ ਹੈ |