ਹੁਸ਼ਿਆਰਪੁਰ, 26 ਸਤੰਬਰ (ਬਲਜਿੰਦਰਪਾਲ ਸਿੰਘ)-ਬੀ. ਐੱਡ ਅਧਿਆਪਕ ਫ਼ਰੰਟ ਹੁਸ਼ਿਆਰਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਾ: ਸੁਰਜੀਤ ਰਾਜਾ ਤੇ ਬਲਾਕ ਪ੍ਰਧਾਨ ਮਾ: ਹਰਬਿਲਾਸ ਦੀ ਅਗਵਾਈ 'ਚ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਵਿਖੇ ਹੋਈ | ਇਸ ਮੌਕੇ ਆਗੂਆਂ ਨੇ ਕਿਹਾ ਕਿ ਨੈਸ਼ਨਲ ਮੂਵਮੈਂਟ ਫ਼ਾਰ ਓਲਡ ਪੈਨਸ਼ਨ ਸਕੀਮ ਦੇ ਸੱਦੇ 'ਤੇ 1 ਅਕਤੂਬਰ ਨੂੰ ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਤੇ ਸੀ. ਪੀ. ਐਫ. ਕਰਮਚਾਰੀ ਯੂਨੀਅਨ ਸਾਂਝੇ ਤੌਰ 'ਤੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਇਕ ਰੋਜ਼ਾ ਭੁੱਖ ਹੜਤਾਲ ਕੀਤੀ ਜਾਵੇਗੀ ਤੇ ਮੰਗਾਂ ਨਾ ਮੰਨੇ ਜਾਣ 'ਤੇ 25 ਨਵੰਬਰ ਨੂੰ ਦਿੱਲੀ ਵੱਲ ਕੂਚ ਕੀਤਾ ਜਾਵੇ | ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਮਾ: ਸੰਜੀਵ ਧੂਤ ਅਤੇ ਬੀ. ਐੱਡ ਅਧਿਆਪਕ ਫ਼ਰੰਟ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਮਾ: ਸੁਰਜੀਤ ਰਾਜਾ, ਬਲਾਕ ਪ੍ਰਧਾਨ ਮਾ: ਹਰਬਿਲਾਸ ਤੇ ਮਾ: ਰਵਿੰਦਰ ਰਵੀ ਨੇ ਦੱਸਿਆ ਕਿ ਕੇਂਦਰ ਅਤੇ ਰਾਜ ਸਰਕਾਰਾਂ ਅਧਿਆਪਕ ਦਿਵਸ ਤੇ ਅਧਿਆਪਕਾਂ ਦੇ ਮਾਨ ਸਨਮਾਨ ਦੇ ਫੋਕੇ ਦਾਅਵੇ ਕਰਦੇ ਹਨ ਪਰ ਅਧਿਆਪਕਾਂ ਦਾ ਮਾਨ ਸਨਮਾਨ ਸਮਾਜਿਕ ਸੁਰੱਖਿਆ ਵਿਚ ਹੈ, ਜੋ ਕਿ ਰਾਜ ਤੇ ਕੇਂਦਰ ਸਰਕਾਰ ਦੋਵੇਂ ਦੇਣ ਤੋਂ ਮੁਨਕਰ ਹਨ | ਜ਼ਿਲ੍ਹਾ ਆਗੂ ਮਾ: ਅਜੈ ਕੁਮਾਰ, ਮਾ: ਪਵਨਵੀਰ ਸਿੰਘ, ਮਾ: ਰਾਜ ਕੁਮਾਰ ਨੇ ਕਿਹਾ ਕਿ ਪਹਿਲਾਂ ਇਹ ਹੜਤਾਲ ਪੰਜ ਸਤੰਬਰ ਨੂੰ ਹੋਣੀ ਸੀ ਪਰ ਹੜ੍ਹਾਂ ਕਾਰਨ ਹੋਏ ਜਾਨੀ ਮਾਲੀ ਨੁਕਸਾਨ ਕਾਰਨ ਇਹ ਮੁਲਤਵੀ ਕਰ 1 ਅਕਤੂਬਰ ਨੂੰ ਹੁਣ ਤੈਅ ਕੀਤੀ ਗਈ ਹੈ | ਨਵੀਂ ਪੈਨਸ਼ਨ ਸਕੀਮ ਅਧੀਨ ਆਉਂਦੇ ਅਧਿਆਪਕ ਅਤੇ ਕਰਮਚਾਰੀ ਭੁੱਖ ਹੜਤਾਲ 'ਤੇ ਬੈਠ ਕੇ ਰਾਜ ਅਤੇ ਕੇਂਦਰ ਸਰਕਾਰ ਨੂੰ ਸਪੱਸ਼ਟ ਸੰਦੇਸ਼ ਦੇਣਗੇ | ਇਸ ਮੌਕੇ ਮਾ: ਰਾਮਪਾਲ ਪਠਾਣੀਆਂ ਅਤੇ ਮਾਸਟਰ ਅੰਕੁਰ ਸ਼ਰਮਾ ਲੈਕਚਰਾਰ ਸੁਖਦੇਵ ਸਿੰਘ, ਮਾਸਟਰ ਤਰਸੇਮ ਸਿੰਘ, ਮਾਸਟਰ ਜੀਵਨ ਕੁਮਾਰ ਮਾਸਟਰ ਦੇਸਰਾਜ ਆਦਿ ਵੀ ਹਾਜ਼ਰ ਸਨ |