ਗੜ੍ਹਦੀਵਾਲਾ, 26 ਸਤੰਬਰ (ਚੱਗਰ)-ਪੰਜਾਬ ਸੂਬਾ ਸਰਕਾਰੀ ਏਡਿਡ ਸਕੂਲ ਟੀਚਰਜ਼ ਤੇ ਹੋਰ ਕਰਮਚਾਰੀ ਯੂਨੀਅਨ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਖੇ ਹੋਈ | ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਜ਼ਿਲ੍ਹਾ ਇਕਾਈ ਦੇ ਅਹੁਦੇਦਾਰਾਂ ਦੀ ਚੋਣ ਕਰਦਿਆਂ ਸੁਖਵਿੰਦਰ ਸਿੰਘ ਖ਼ਾਲਸਾ ਕੋ-ਐਜੂੂਕੇਸ਼ਨ ਸਕੂਲ ਬੱਡੋਂ ਨੂੰ ਪ੍ਰਧਾਨ, ਸੰਜੀਵ ਕੁਮਾਰ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਨੂੰ ਉਪ-ਪ੍ਰਧਾਨ, ਨੀਰਜ ਘਈ ਏ. ਐਸ. ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਨੂੰ ਸਕੱਤਰ ਤੇ ਪ੍ਰੀਆ ਸੈਣੀ ਪੀ. ਡੀ. ਆਰਿਆ ਮਹਿਲਾ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਨੂੰ ਕੋ-ਸਕੱਤਰ, ਬਲਕਾਰ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਨੂੰ ਖ਼ਜ਼ਾਨਚੀ, ਅਨਿਲ ਕੁਮਾਰ ਡੀ. ਏ. ਵੀ. ਸਕੂਲ ਕਮਾਹੀ ਦੇਵੀ ਨੂੰ ਕੋ-ਖਜਾਨਚੀ, ਡਾ. ਸੰਜੀਵ ਬਖ਼ਸ਼ੀ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਨੂੰ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਜਦ ਕਿ ਸਰਬਜੀਤ ਸਿੰਘ ਮਾਂਜ ਖ਼ਾਲਸਾ ਸਕੂਲ ਪਾਲਦੀ ਨੂੰ ਸਲਾਹਕਾਰ ਬਣਾਇਆ ਗਿਆ | ਮੀਟਿੰਗ ਵਿਚ ਸੂਬਾ ਪ੍ਰਧਾਨ ਗੁਰਮੀਤ ਸਿੰਘ ਤੇ ਸਟੇਟ ਐਗਜ਼ੀਕਿਊਟਿਵ ਮੈਂਬਰ ਪਰਮਜੀਤ ਸਿੰਘ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ | ਆਪਣੇ ਸੰਬੋਧਨ 'ਚ ਸੂਬਾ ਪ੍ਰਧਾਨ ਗੁਰਮੀਤ ਸਿੰਘ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਤੇ ਯੂਨੀਅਨ ਦੇ ਮਿਸ਼ਨ ਨੂੰ ਸਮਰਪਣ ਤੇ ਏਕਤਾ ਨਾਲ ਅੱਗੇ ਵਧਾਉਣ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਕਿਹਾ ਕਿ ਯੂਨੀਅਨ ਪੰਜਾਬ ਭਰ 'ਚ ਸਰਕਾਰੀ ਏਡਿਡ ਸਕੂਲਾਂ ਅਤੇ ਉਨ੍ਹਾਂ ਦੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਮਨਵਾਉਣ ਲਈ ਅਟੱਲ ਸੰਘਰਸ਼ ਜਾਰੀ ਰੱਖੇਗੀ | ਉਨ੍ਹਾਂ ਕਿਹਾ ਕਿ ਸਿਰਫ਼ ਸਾਂਝੀ ਤਾਕਤ ਤੇ ਸਰਗਰਮ ਹਿੱਸੇਦਾਰੀ ਰਾਹੀਂ ਹੀ ਏਡਿਡ ਸੰਸਥਾਵਾਂ ਦੇ ਮੁੱਦੇ ਹੱਲ ਹੋ ਸਕਦੇ ਹਨ | ਇਸ ਮੌਕੇ ਵੱਡੀ ਗਿਣਤੀ 'ਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਰਕਾਰੀ ਏਡਿਡ ਸਕੂਲ ਟੀਚਰਜ਼ ਤੇ ਹੋਰ ਕਰਮਚਾਰੀ ਯੂਨੀਅਨ ਦੇ ਵਰਕਰ ਹਾਜ਼ਰ ਸਨ |