ਟਾਂਡਾ ਉੜਮੁੜ, 26 ਸਤੰਬਰ (ਦੀਪਕ ਬਹਿਲ)-ਗੁਰਬਾਣੀ ਸ਼ਬਦ ਵਿਚਾਰ ਦੇ ਪ੍ਰਵਾਹ ਨਾਲ ਚੱਲ ਰਹੇ ਵਿਸ਼ਵ ਪ੍ਰਸਿੱਧ ਮਹਾਨ ਸਲਾਨਾ ਇਕੋਤਰੀ ਸਮਾਗਮ ਦੌਰਾਨ ਜਿਥੇ ਸੰਤ ਮਹਾਂਪੁਰਸ਼ਾਂ ਵਲੋਂ ਕੀਤੀ ਜਾ ਰਹੀ ਅੰਮਿ੍ਤਮਈ ਵਰਖਾ ਦਾ ਦੇਸ਼ ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਲਾਹਾ ਖੱਟ ਰਹੀਆਂ ਹਨ ਉਥੇ ਸੰਤ ਬਾਬਾ ਗੁਰਦਿਆਲ ਸਿੰਘ ਤੇ ਹੋਰ ਮਹਾਂਪੁਰਸ਼ਾਂ ਵਲੋਂ ਇਨ੍ਹਾਂ ਸਮਾਗਮਾਂ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹਾਦਤ ਨੂੰ ਸਮਰਪਿਤ ਦੱਸਿਆ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਹਉਮੈ ਤਿਆਗ ਕੇ ਪ੍ਰਮਾਤਮਾ ਅੱਗੇ ਪੂਰਨ ਤੌਰ 'ਤੇ ਸਮਰਪਿਤ ਹੋਣ ਦੀ ਸਿੱਖਿਆ ਦਿੱਤੀ ਤੇ ਸਮਝਾਇਆ ਕਿ ਨਿਮਰਤਾ ਹੀ ਪ੍ਰਭੂ ਦੇ ਨੇੜੇ ਲੈ ਕੇ ਜਾਂਦੀ ਹੈ | ਸੱਚਖੰਡ ਵਾਸੀ ਬਾਬਾ ਬਲਵੰਤ ਸਿੰਘ ਵਲੋਂ ਟਾਂਡਾ ਵਿਖੇ ਚਲਾਈ ਗਈ 101 ਸ੍ਰੀ ਅਖੰਡ ਪਾਠ ਸਾਹਿਬ ਦੀ ਇਕੋਤਰੀ ਲੜੀ ਦੀ ਪਰੰਪਰਾ ਨੂੰ ਅੱਗੇ ਤੋਰਦਿਆਂ ਸੰਤ ਬਾਬਾ ਗੁਰਦਿਆਲ ਸਿੰਘ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਚੱਲ ਰਹੇ ਇਨ੍ਹਾਂ ਸਮਾਗਮਾਂ ਨੂੰ ਲੈ ਕੇ ਜਿਥੇ 6ਵੀਂ ਲੜੀ ਦੇ ਭੋਗ ਪਾਏ ਗਏ ਉਥੇ ਇਸ ਮੌਕੇ ਸਜਾਏ ਵਿਸ਼ਾਲ ਗੁਰਮਤਿ ਸਮਾਗਮ ਦੌਰਾਨ ਸੰਤ ਬਾਬਾ ਗੁਰਪ੍ਰੀਤ ਸਿੰਘ ਚੰਡੀਗੜ੍ਹ ਵਾਲਿਆਂ ਨੇ ਸੰਗਤਾਂ ਦੇ ਸਨਮੁੱਖ ਹੁੰਦਿਆਂ ਜਿਥੇ ਗੁਰ ਸ਼ਬਦ ਵਿਚਾਰ ਨਾਲ ਸਾਂਝ ਪਾਈ ਉਥੇ ਉਨ੍ਹਾਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਤ ਬਾਬਾ ਗੁਰਦਿਆਲ ਸਿੰਘ ਦੇ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ | ਇਨ੍ਹਾਂ ਸਮਾਗਮਾਂ ਨੂੰ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਦਾ ਕੇਂਦਰ ਦੱਸਿਆ | ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਨੇ ਗੁਰਮਤਿ ਦੀਵਾਨਾ ਦੌਰਾਨ ਪੁੱਜੇ ਸੰਤਾਂ ਮਹਾਪੁਰਸ਼ਾਂ ਤੋਂ ਇਲਾਵਾ ਨੂੰ ਹੋਰ ਕਈ ਪੰਥ ਪ੍ਰਸਿੱਧ ਸ਼ਖ਼ਸੀਅਤਾਂ ਨੂੰ ਸਿਰੋਪਾਓ ਭੇਟ ਕੀਤੇ | ਵਰਨਣਯੋਗ ਹੈ ਕਿ 101 ਅਖੰਡ ਪਾਠ ਸਾਹਿਬ ਦੀ ਲੜੀ ਦੇ ਸੰਪੂਰਨਤਾ ਭੋਗ 7 ਅਕਤੂਬਰ ਨੂੰ ਪਾਏ ਜਾਣਗੇ ਜਦ ਕਿ ਇਕੋਤਰੀ ਦੇ ਮੁੱਖ ਆਕਰਸ਼ਨ ਵਜੋਂ ਜਾਣੇ ਜਾਂਦੇ ਵਿਸ਼ਾਲ ਤੇ ਅਲੌਕਿਕ ਨਗਰ ਕੀਰਤਨ 6 ਅਕਤੂਬਰ ਨੂੰ ਸਜਾਏ ਜਾਣਗੇ |