ਹੁਸ਼ਿਆਰਪੁਰ, 27 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਭਰ 'ਚ ਸ਼ੁਰੂ ਹੋ ਰਹੀ ਪ੍ਰਾਇਮਰੀ ਬੱਚਿਆਂ ਦੀ ਸਮਰੱਥ ਦੀ ਰੈਂਡਿਮ ਟੈਸਟਿੰਗ ਸੈਕੰਡਰੀ ਅਧਿਆਪਕਾਂ ਕੋਲੋਂ ਕਰਵਾਉਣ ਦਾ ਸਾਂਝਾ ਅਧਿਆਪਕ ਮੋਰਚਾ ਵਲੋਂ ਸਖ਼ਤ ਵਿਰੋਧ ਕਰਦਿਆਂ ਪਿ੍ਤਪਾਲ ਸਿੰਘ ਚੌਟਾਲਾ ਤੇ ਸਰਬਜੀਤ ਸਿੰਘ ਕੰਗ ਨੇ ਕਿਹਾ ਕਿ ਸੈਕੰਡਰੀ ਕੇਡਰ ਦੇ ਬਲਾਕ ਰਿਸੋਰਸ ਪਰਸਨ ਕੋਲੋਂ ਟੈਸਟਿੰਗ ਕਰਵਾਉਣ ਨਾਲ ਪ੍ਰਾਇਮਰੀ ਪੱਧਰ ਦੇ ਬੱਚਿਆਂ ਦੇ ਕੋਮਲ ਮਨਾਂ 'ਤੇ ਬੁਰਾ ਅਸਰ ਪਵੇਗਾ | ਯੂਨੀਅਨ ਦੇ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਤੇ ਵਿਭਾਗ ਨੂੰ ਦੋਵਾਂ ਪੱਧਰਾਂ ਪ੍ਰਾਇਮਰੀ ਤੇ ਸੈਕੰਡਰੀ ਦੇ ਮਨੋਵਿਗਿਆਨ ਅਤੇ ਭਰਤੀ ਨਿਯਮਾਂ ਨੂੰ ਸਮਝ ਕੇ ਹੀ ਫ਼ੈਸਲੇ ਲੈਣੇ ਚਾਹੀਦੇ ਹਨ | ਯੂਨੀਅਨ ਆਗੂਆਂ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਦਰਮਿਆਨ ਵੀ ਕਈ ਵਾਰ ਪ੍ਰਾਇਮਰੀ ਕੇਡਰ 'ਚ ਸੈਕੰਡਰੀ ਕੇਡਰ ਦੀ ਦਖ਼ਲਅੰਦਾਜ਼ੀ ਕਰਵਾਉਣ ਦੀ ਕੀਤੀ ਕੋਸ਼ਿਸ਼ ਦਾ ਵਿਰੋਧ ਕਰਕੇ ਦਖ਼ਲਅੰਦਾਜ਼ੀ ਬੰਦ ਕਰਵਾਈ ਗਈ ਸੀ, ਜਦ ਕਿ ਦੋਵੇਂ ਪੱਧਰਾਂ ਦੇ ਆਪਣਾ-ਆਪਣਾ ਸੰਗਠਿਤ ਢਾਂਚਾ ਹੈ ਤੇ ਪ੍ਰਾਇਮਰੀ ਕੇਡਰ 'ਚ ਹਰੇਕ ਬਲਾਕ ਪੱਧਰ ਤੇ ਬਲਾਕ ਰਿਸੋਰਸ ਪਰਸਨ ਕੰਮ ਕਰ ਰਹੇ ਹਨ ਤਾਂ ਸੈਕੰਡਰੀ ਕੇਡਰ ਦੇ ਬਲਾਕ ਰਿਸੋਰਸ ਪਰਸਨ ਕੋਲੋਂ ਟੈਸਟਿੰਗ ਕਰਵਾਉਣ ਦੀ ਕੋਈ ਲੋੜ ਨਹੀਂ | ਵਿਭਾਗ ਵਲੋਂ ਕੀਤੀ ਜਾਣ ਵਾਲੀ ਟੈਸਟਿੰਗ ਸੰਬੰਧੀ ਤੁਰੰਤ ਫ਼ੈਸਲਾ ਬਦਲ ਕੇ ਪ੍ਰਾਇਮਰੀ ਵਰਗ ਦੀ ਪਾਰਦਰਸ਼ਤਾ ਤੇ ਤਨਦੇਹੀ ਨਾਲ ਕੀਤੇ ਜਾ ਰਹੇ ਕੰਮ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ, ਨਹੀ ਤਾਂ ਅਜਿਹੀਆਂ ਨੀਤੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਜਸਵੀਰ ਤਲਵਾੜਾ, ਵਰਿੰਦਰ ਵਿੱਕੀ, ਰਜਤ ਮਹਾਜਨ, ਸਤੀਸ਼ ਕੁਮਾਰ, ਜਗਤਜੀਤ ਸਿੰਘ, ਵਿਕਾਸ ਸ਼ਰਮਾ, ਉਂਕਾਰ ਸਿੰਘ ਸੂਸ, ਅਜੇ ਕੁਮਾਰ ਰਾਣਾ, ਸੁਖਵਿੰਦਰ ਸਿੰਘ ਸਹੋਤਾ, ਜਗਵਿੰਦਰ ਸਿੰਘ, ਦਵਿੰਦਰ ਸਿੰਘ, ਰਜੇਸ਼ ਅਰੋੜਾ, ਪਿ੍ੰਸ ਗੜ੍ਹਦੀਵਾਲਾ, ਦਵਿੰਦਰ ਸਿੰਘ, ਸਰਬਜੀਤ ਸਿੰਘ, ਸਚਿਨ ਕੁਮਾਰ, ਅਨੂਪਮ ਰਤਨ, ਵਿਕਾਸ ਅਰੋੜਾ, ਨਰੇਸ਼ ਕੁਮਾਰ, ਸੁਸ਼ੀਲ ਡਡਵਾਲ, ਗੁਰਮੁਖ ਸਿੰਘ, ਚੰਦਨਦੀਪ ਕੌਰ, ਬਲਜਿੰਦਰ ਕੌਰ, ਅੰਜੂ ਬਾਲਾ, ਜਸਵੀਰ ਕੌਰ, ਮੋਨਿਕਾ ਆਦਿ ਹਾਜ਼ਰ ਸਨ |