ਦਸੂਹਾ, 2 ਨਵੰਬਰ (ਕੌਸ਼ਲ)- ਦਸੂਹਾ ਦੇ ਪਿੰਡ ਮੋਰੀਆ ਦਾ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ | ਸਾਹਿਬ ਸਿੰਘ, 21 ਸਾਲਾ ਨੌਜਵਾਨ, ਜੋ ਕਿ ਅਕਤੂਬਰ 2024 ਵਿਚ ਅਮਰੀਕਾ ਲਈ ਉੱਜਵਲ ਭਵਿੱਖ ਦੇ ਸੁਪਨਿਆਂ ਨਾਲ ਘਰੋਂ ਨਿਕਲਿਆ ਸੀ | ਸਾਹਿਬ ਸਿੰਘ ਜਿਸ ਦੀ ਰਸਤੇ ਵਿਚ ਤਸਕਰਾਂ ਨੇ ਹੱਤਿਆ ਕਰ ਦਿੱਤੀ | ਸਾਹਿਬ ਦੇ ਪਿਤਾ ਨੇ ਉਸ ਨੰੂ ਅਮਰੀਕਾ ਭੇਜਣ ਲਈ ਆਪਣੀ ਸਾਰੀ ਜ਼ਮੀਨ, ਪਸ਼ੂ ਅਤੇ ਘਰੇਲੂ ਗਹਿਣੇ ਵੇਚ ਦਿੱਤੇ ਸਨ | ਵੇਰਵੇ ਸਾਂਝੇ ਕਰਦੇ ਹੋਏ ਸਾਹਿਬ ਦੇ ਜੀਜਾ ਗੁਰਦੀਪ ਸਿੰਘ ਨੇ ਦੱਸਿਆ ਕਿ ਜਦੋਂ ਸਾਹਿਬ ਗੋਹਾਟਾ ਮਾਲਾ ਨੇੜੇ ਪਹੁੰਚੇ ਤਾਂ ਉਸ ਨੰੂ ਅਤੇ ਹੋਰ ਨੌਜਵਾਨਾਂ ਨੂੰ ਮਨੁੱਖੀ ਤਸਕਰਾਂ ਨੇ ਫੜ ਲਿਆ | ਜਿਨ੍ਹਾਂ ਨੇ ਉਨ੍ਹਾਂ ਦੀ ਕੁੱਟਮਾਰ ਦੀ ਵੀਡੀਓ ਰਿਕਾਰਡ ਕੀਤੀ ਅਤੇ ਫਿਰੌਤੀ ਵਸੂਲਣ ਲਈ ਉਨ੍ਹਾਂ ਨੂੰ ਭੇਜ ਦਿੱਤੀ | ਕਿਉਂਕਿ ਉਨ੍ਹਾਂ ਨੂੰ ਪੈਸੇ ਨਹੀਂ ਮਿਲੇ, ਉਨ੍ਹਾਂ ਨੇ ਸਾਹਿਬ ਅਤੇ ਯੁਵਰਾਜ ਨਾਮ ਦੇ ਇੱਕ ਹੋਰ ਨੌਜਵਾਨ ਨੂੰ ਜਾਨੋਂ ਮਾਰ ਦਿੱਤਾ, ਜੋ ਕਿ ਹਰਿਆਣਾ ਸੂਬੇ ਦਾ ਰਹਿਣ ਵਾਲਾ ਸੀ | ਉਨ੍ਹਾਂ ਦੱਸਿਆ ਕਿ ਸਾਨੂੰ ਇਸ ਬਾਰੇ ਕੁੱਝ ਦਿਨ ਪਹਿਲਾਂ ਹੀ ਪਤਾ ਲੱਗਾ | ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਏਜੰਟਾਂ ਨੂੰ ਕੁੱਲ 45 ਲੱਖ ਰੁਪਏ ਦਿੱਤੇ ਸਨ, ਪਰ ਉਨ੍ਹਾਂ ਨੇ ਸਾਨੂੰ ਧੋਖਾ ਦਿੱਤਾ ਕਿਉਂਕਿ ਉਨ੍ਹਾਂ ਨੇ ਸਾਹਿਬ ਨੂੰ ਪਲਾਂ ਵਿਚ ਅਮਰੀਕਾ ਭੇਜਣ ਦਾ ਵਾਅਦਾ ਕੀਤਾ ਸੀ | ਪਰਿਵਾਰ ਨੇ ਇਨਸਾਫ਼ ਦੀ ਅਪੀਲ ਕੀਤੀ ਹੈ ਅਤੇ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ | ਜਾਣਕਾਰੀ ਮੁਤਾਬਿਕ ਤਸਕਰਾਂ ਵਲੋਂ ਸਾਹਿਬ ਸਿੰਘ ਦਾ ਕਤਲ ਕਈ ਹਫ਼ਤਿਆਂ ਪਹਿਲਾਂ ਕਰ ਦਿੱਤਾ ਗਿਆ ਸੀ ਅਤੇ ਪਰਿਵਾਰਕ ਦੇ ਹੀਲੇ ਨਾਲ ਮੈਕਸੀਕੋ ਤੋਂ ਮਿ੍ਤਕਾ ਦੇ ਦਸਤਾਵੇਜ਼ ਮੰਗਵਾਏ ਗਏ ਜਿਨ੍ਹਾਂ ਵਿਚ ਇਨ੍ਹਾਂ ਦੋਵਾਂ ਨੌਜਵਾਨਾਂ ਦੀ ਮੌਤ ਦੀ ਪੁਸ਼ਟੀ ਹੋਈ | ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਡੋਂਕਰਾਂ 'ਤੇ ਨਕੇਲ ਪਾਉਣ ਲਈ ਕੋਈ ਸਖ਼ਤ ਕਦਮ ਚੁੱਕੇ ਜਾਣ ਤਾਂ ਜੋ ਆਉਣ ਵਾਲੇ ਸਮੇਂ ਵਿਚ ਕਿਸੇ ਹੋਰ ਮਾਂ ਦਾ ਪੁੱਤ ਇਨ੍ਹਾਂ ਡੋਂਕਰਾਂ ਦੀ ਬੱਲੀ ਨਾ ਚੜ੍ਹ ਸਕੇ |