ਮੁਕੇਰੀਆਂ, 3 ਨਵੰਬਰ (ਰਾਮਗੜ੍ਹੀਆ)- ਪੰਜਾਬੀ ਸਾਹਿੱਤ ਸਭਾ ਮੁਕੇਰੀਆਂ ਕਾਰਜਕਰਨੀ ਦੀ ਮੀਟਿੰਗ ਪ੍ਰੋਫੈਸਰ ਬਲਬੀਰ ਸਿੰਘ ਮੁਕੇਰੀਆਂ ਦੀ ਅਗਵਾਈ ਵਿਚ ਬੀ. ਐਸ. ਪੀ. ਐਸ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਵਿਖੇ ਹੋਈ | ਇਸ ਸਮੇਂ ਪੰਜਾਬੀ ਪਿਆਰਿਆਂ ਨੂੰ ਪੰਜਾਬ ਦਿਵਸ ਦੀ ਵਧਾਈ ਦਿੱਤੀ ਗਈ ਤੇ ਅੱਜ ਦੇ ਇਤਿਹਾਸਕ ਦਿਹਾੜੇ ਗਦਰ ਲਹਿਰ ਦੇ ਗਦਰੀ ਬਾਬਿਆਂ ਨੂੰ ਵੀ ਯਾਦ ਕੀਤਾ ਗਿਆ | ਇਸ ਮੌਕੇ ਵਿਨੋਦ ਵਸਲ ਨੇ ਅਫਸੋਸ ਵਜੋਂ ਕਿਹਾ ਕਿ ਪੰਜਾਬ ਦਿਵਸ ਦੇ ਮੌਕੇ ਅਧੂਰੇ ਪੰਜਾਬੀ ਸੂਬੇ ਦੀ ਕੀ ਵਧਾਈ ਦਈਏ? ਇਸ ਮੌਕੇ ਜਸਵੰਤ ਸਿੰਘ ਖਾਨਪੁਰੀ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਸਿੰਡੀਕੇਟ ਤੇ ਸੈਨੇਟ ਨੂੰ ਕਿਸੇ ਸਾਜਿਸ਼ ਦੇ ਤਹਿਤ ਸੀਮਤ ਕਰ ਦਿੱਤਾ ਗਿਆ ਹੈ ਅਤੇ ਤੋੜਨ ਦੀ ਤੋੜ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਨੇ ਇਸ ਵਿਰੋਧੀ ਨਿਖੇਧੀ ਮਤਾ ਲਿਆਂਦਾ ਜੋ ਕਿ ਸਰਬ ਸੰਮਤੀ ਨਾਲ ਪਾਸ ਹੋਇਆ | ਇਸ ਮੌਕੇ ਹਾਜ਼ਰ ਪੀ. ਏ. ਯੂ. ਦੀ ਵਿਦਿਆਰਥਣ ਹਰਨੂਰ ਨੇ ਵੀ ਕਿਹਾ ਕਿ ਵੀ. ਸੀ. ਵਲੋਂ ਕੇਂਦਰ ਦੀ ਸ਼ਹਿ 'ਤੇ ਸਿੰਡੀਕੇਟ ਤੇ ਸੈਨੇਟ ਨੂੰ ਜੋ ਸੀਮਤ ਕੀਤਾ ਗਿਆ ਹੈ, ਉਹ ਪੰਜਾਬ ਯੂਨੀਵਰਸਿਟੀ ਦੀ ਖੁਦ ਮੁਖਤਿਆਰੀ ਉੱਤੇ ਵੱਡਾ ਵਾਰ ਹੈ | ਇਸ ਮੌਕੇ ਪ੍ਰੋਫੈਸਰ ਡਾ. ਸਤਬੀਰ ਸਿੰਘ ਨੇ ਕਿਹਾ ਕਿ ਪੋਸਟ ਗ੍ਰੈਜੂਏਟ ਹਲਕਿਆਂ ਨੂੰ ਤੋੜਨਾ ਪੰਜਾਬ ਯੂਨੀਵਰਸਿਟੀ ਤੇ ਪੰਜਾਬੀ ਵਿਰਸੇ ਉੱਤੇ ਘਿਨਾਉਣਾ ਵਾਰ ਹੈ | ਪ੍ਰੋਫੈਸਰ ਬਲਵੀਰ ਮੁਕੇਰੀਆਂ ਵਲੋਂ ਲਿਆਂਦੇ ਇਕ ਵੱਖਰੇ ਮਤੇ ਵਿਚ ਗਾਇਕ ਰਾਜਵਿੰਦਰ ਜਵੰਦਾ ਦੀ ਬੇਵਕਤੀ ਮੌਤ ਉੱਤੇ ਡੂੰਘੇ ਦੁੱਖ ਦਾ ਇਜਹਾਰ ਕੀਤਾ ਗਿਆ | ਇਸ ਸਮੇਂ ਪ੍ਰੋਫੈਸਰ ਸਤਬੀਰ ਸਿੰਘ ਨੇ ਆਪਣੀ ਨਵੀਂ ਛਪੀ ਪੁਸਤਕ 'ਡਿਜੀਟਲ ਸੰਸਾਰ ਦੇ ਪਾਸਾਰ' ਸਾਹਿਤ ਸਭਾ ਨੂੰ ਭੇਟ ਕੀਤੀ ਗਈ | ਇਸ ਮੌਕੇ ਇਹ ਫੈਸਲਾ ਕੀਤਾ ਗਿਆ ਕਿ ਸਭਾ ਦਾ ਸਾਲਾਨਾ ਸਮਾਗਮ ਜਲਦੀ ਕਰਵਾਇਆ ਜਾਵੇਗਾ ਅਤੇ ਪੰਜਾਬੀ ਸਾਹਿਤ ਸਭਾ ਮੁਕੇਰੀਆਂ ਦਾ ਗੋਲਡਨ ਜੁਬਲੀ ਵਰ੍ਹਾ ਹੋਣ ਕਰਕੇ ਇਸ ਸਬੰਧੀ ਨੇੜਲੇ ਭਵਿੱਖ ਵਿਚ ਸਮਾਗਮ ਉਲੀਕਿਆ ਜਾਵੇਗਾ |