ਹੁਸ਼ਿਆਰਪੁਰ, 5 ਦਸੰਬਰ (ਬਲਜਿੰਦਰਪਾਲ ਸਿੰਘ)-ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਤੋਂ ਪਹਿਲਾਂ ਹੀ ਚੱਬੇਵਾਲ 'ਚ ਬਣੇ ਮਾਹੌਲ ਨੇ ਪੂਰੇ ਜ਼ਿਲ੍ਹੇ 'ਚ ਇਕ ਨਵੀਂ ਚਰਚਾ ਛੇੜ ਦਿੱਤੀ ਹੈ | ਭਾਰੀ ਜਨਤਕ ਸਮਰਥਨ, ਵਰਕਰਾਂ ਦੀ ਊਰਜਾ ਅਤੇ ਇਲਾਕੇ 'ਚ ਕੀਤੇ ਗਏ ਵਿਕਾਸ ਕਾਰਜਾਂ ਦਾ ਪ੍ਰਭਾਵ ਇੰਨਾ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਹੈ ਕਿ ਚੱਬੇਵਾਲ ਚੋਣਾਂ ਤੋਂ ਪਹਿਲਾਂ ਹੀ ਇਕ ਮਜ਼ਬੂਤ ਲਹਿਰ ਦਾ ਕੇਂਦਰ ਬਣ ਗਿਆ ਹੈ | ਨਾਮਜ਼ਦਗੀ ਪੜਾਅ 'ਚ ਬਲਾਕ ਸੰਮਤੀ ਦੀਆਂ 44 'ਚੋਂ 13 ਸੀਟਾਂ 'ਤੇ 'ਆਪ' ਦੀ ਨਿਰਵਿਰੋਧ ਜਿੱਤ ਆਪਣੇ ਆਪ 'ਚ ਚੋਣ ਨਤੀਜਿਆਂ ਵੱਲ ਇਸ਼ਾਰਾ ਕਰਦੀ ਹੈ | ਵਿਰੋਧੀ ਧਿਰ ਖ਼ਾਸ ਕਰਕੇ ਕਾਂਗਰਸ ਜਾਂ ਅਕਾਲੀ ਦਲ ਨੇ ਇਨ੍ਹਾਂ 13 ਤੋਂ ਇਲਾਵਾ ਕਈ ਹੋਰ ਸੀਟਾਂ 'ਤੇ ਮੈਦਾਨ ਖਾਲੀ ਛੱਡ ਕੇ, ਇਹ ਦਰਸਾਇਆ ਹੈ ਕਿ ਵਿਰੋਧੀ ਧਿਰ ਚੱਬੇਵਾਲ ਵਿਚ ਜਨਤਕ ਭਾਵਨਾ ਤੋਂ ਜਾਣੂ ਹੈ | ਇਹ ਚੱਬੇਵਾਲ ਹਲਕੇ 'ਚ ਸਾਂਸਦ ਡਾ. ਰਾਜ ਕੁਮਾਰ ਚੱਬੇਵਾਲ ਅਤੇ ਵਿਧਾਇਕ ਡਾ. ਇਸ਼ਾਂਕ ਕੁਮਾਰ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ | ਜ਼ਿਕਰਯੋਗ ਹੈ ਕਿ ਹਲਕਾ ਚੱਬੇਵਾਲ ਤੋਂ ਵਿਧਾਨ ਸਭਾ ਦੀ ਉਪ ਚੋਣ 'ਚ 'ਆਪ' ਦੇ ਉਮੀਦਵਾਰ ਡਾ. ਇਸ਼ਾਂਕ ਕੁਮਾਰ ਨੇ 61 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ ਸਨ, ਜਦਕਿ ਕੁੱਝ ਪਿੰਡਾਂ 'ਚ ਉਨ੍ਹਾਂ ਨੇ 90 ਫ਼ੀਸਦੀ ਤੱਕ ਵੋਟਾਂ ਪ੍ਰਾਪਤ ਕੀਤੀਆਂ ਸਨ | ਸਾਂਸਦ ਡਾ. ਰਾਜ ਕੁਮਾਰ ਚੱਬੇਵਾਲ ਦੀ ਰਣਨੀਤਕ ਸੋਚ ਤੇ ਅਗਵਾਈ ਨੇ ਵੀ ਪਾਰਟੀ ਦੀ ਸਥਿਤੀ ਨੂੰ ਮਜ਼ਬੂਤ ਕੀਤਾ ਹੈ | ਸਾਂਸਦ ਡਾ. ਰਾਜ ਕੁਮਾਰ ਚੱਬੇਵਾਲ ਤੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਇਲਾਕੇ ਵਿਚ ਜ਼ਮੀਨੀ ਪੱਧਰ 'ਤੇ ਆਪਣੀ ਮੌਜੂਦਗੀ ਅਤੇ ਕੰਮ ਨੂੰ ਮਹਿਸੂਸ ਕਰਵਾਇਆ ਹੈ, ਉਹ ਆਉਣ ਵਾਲੀਆਂ ਚੋਣਾਂ 'ਚ ਵੀ ਫੈਸਲਾਕੁੰਨ ਸਾਬਿਤ ਹੋਵੇਗਾ | ਉਨ੍ਹਾਂ ਸਮੂਹ ਸਹਿਯੋਗੀਆਂ ਤੇ ਸਮਰਥਕਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਸਾਡੀ ਤਰਜੀਹ ਹਮੇਸ਼ਾ ਲੋਕਾਂ ਦੀ ਸੇਵਾ ਅਤੇ ਖੇਤਰ ਦਾ ਵਿਕਾਸ ਕਰਨਾ ਰਹੀ ਹੈ | ਉਨ੍ਹਾਂ ਕਿਹਾ ਕਿ ਅਸੀਂ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਹਰ ਖੇਤਰ 'ਚ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਵਚਨਬੱਧ ਰਹਾਂਗੇ |