ਹੁਸ਼ਿਆਰਪੁਰ, 17 ਦਸੰਬਰ (ਬਲਜਿੰਦਰਪਾਲ ਸਿੰਘ)-ਬੀਤੀ ਦੇਰ ਸ਼ਾਮ ਜਿਮ ਨੂੰ ਜਾ ਰਹੇ ਨੌਜਵਾਨ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਵਾਲੇ ਮਾਮਲੇ 'ਚ ਪੀੜਿਤ ਭੈਣ ਦੀ ਸ਼ਿਕਾਇਤ ਤੇ ਥਾਣਾ ਹਰਿਆਣਾ ਦੀ ਪੁਲਿਸ ਨੇ ਇਕ ਦੋਸ਼ੀ ਨੂੰ ਨਾਮਜ਼ਦ ਕਰਕੇ ਮਾਮਲਾ ਦਰਜ਼ ਕਰ ਲਿਆ ਹੈ | ਜਾਣਕਾਰੀ ਮੁਤਾਬਿਕ ਸਾਜਿਆ ਪੁੱਤਰੀ ਮੁਹੰਮਦ ਵਾਸੀ ਕੰਗਮਾਈ ਨੇ ਪੁਲਿਸ ਨੂੰ ਇਕ ਸ਼ਿਕਾਇਤ ਦਰਜ਼ ਕਰਵਾਈ ਹੈ | ਉਸਨੇ ਦੱਸਿਆ ਕਿ ਉਸਦਾ ਭਰਾ ਅਬਦੁਲ ਪਿੰਡ ਦੇ ਵਾਸੀ ਨੌਜਵਾਨ ਅਜੀਤ ਸਿੰਘ ਦੇ ਨਾਲ ਦੇਰ ਸ਼ਾਮ ਜਿੰਮ ਨੂੰ ਜਾ ਰਿਹਾ ਸੀ | ਜਦੋਂ ਉਹ ਪੁਲ ਦੇ ਕੋਲ ਪਹੁੰਚੇ ਤਾਂ ਇਕ ਚਿੱਟੀ ਰੰਗ ਦੀ ਕਾਰ 'ਚੋਂ ਨੌਜਵਾਨ ਨੇ ਉਸਦੇ ਭਰਾ 'ਤੇ ਗੋਲੀ ਚਲਾਈ, ਜਿਸ ਨਾਲ ਅਬਦੁਲ ਥੱਲੇ ਡਿਗ ਗਿਆ | ਉਸਨੇ ਦੱਸਿਆ ਕਿ ਇਸਦੇ ਬਾਅਦ ਉਕਤ ਦੋਸ਼ੀ ਮੁੜ ਕੇ ਆਇਆ ਅਤੇ ਉਸਦੇ ਭਰਾ 'ਤੇ ਅੰਨੇ੍ਹਵਾਹ ਫਾਇਰਿੰਗ ਕੀਤੀ | ਜਿਸਦੇ ਚੱਲਦੇ ਉਸਦੇ ਭਰਾ ਦੀ ਮੌਕੇ 'ਤੇ ਹੀ ਮੌਤ ਹੋ ਗਈ | ਪੀੜਿਤ ਭੈਣ ਨੇ ਪੁਲਿਸ ਨੂੰ ਦੱਸਿਆ ਕਿ ਉਕਤ ਫਾਇਰਿੰਗ ਹਰਿਆਣਾ 'ਚ ਸਥਿਤ ਐਮ.ਐਸ. ਕਲੋਨੀ ਦੇ ਵਾਸੀ ਗੁਰਤਾਜ ਸਿੰਘ ਨੇ ਕੀਤੀ ਸੀ, ਜਿਸਦੇ ਚੱਲਦਿਆਂ ਉਸਦੇ ਭਰਾ ਦੀ ਮੌਤ ਹੋ ਗਈ | ਪੁਲਿਸ ਨੇ ਦੱਸਿਆ ਕਿ ਉਕਤ ਸ਼ਿਕਾਇਤ 'ਤੇ ਕਥਿਤ ਦੋਸ਼ੀ ਦੇ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 302,25,27,54,59 ਦੇ ਅਧੀਨ ਮਾਮਲਾ ਦਰਜ਼ ਕਰਕੇ ਅਗੇਲਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |