ਮਾਹਿਲਪੁਰ, 18 ਦਸੰਬਰ (ਰਜਿੰਦਰ ਸਿੰਘ)-ਫਗਵਾੜਾ ਰੋਡ ਮਾਹਿਲਪੁਰ ਵਿਖੇ ਸਬਜ਼ੀ ਵੇਚਣ ਵਾਲੇ ਦੁਕਾਨਦਾਰਾਂ ਵਲੋਂ ਸਬਜ਼ੀ ਚੋਰ ਵਿਅਕਤੀ ਨੂੰ ਕਾਬੂ ਕਰਨ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਫਗਵਾੜਾ ਰੋਡ ਮਾਹਿਲਪੁਰ ਵਿਖੇ ਚਲ ਰਹੀਆਂ ਸਬਜ਼ੀਆਂ ਦੀਆਂ ਦੁਕਾਨ ਮਾਲਕ ਕੁਲਦੀਪ ਸਿੰਘ ਬਘੌਰਾ, ਮਹਿੰਦਰ ਬਲਜੀਤ ਸਿੰਘ, ਬਿੱਟੂ ਨੇ ਦੱਸਿਆ ਕਿ ਉਨ੍ਹਾਂ ਦੁਕਾਨਾਂ ਮੋਹਰੇ ਵੇਚਣ ਵਾਸਤੇ ਸਬਜ਼ੀਆਂ ਲਗਾਈਆਂ ਹੋਈਆਂ ਤੇ ਰਾਤ ਨੂੰ ਇਸੇ ਤਰ੍ਹਾਂ ਢੱਕ ਕੇ ਘਰ ਜਾਂ ਦੁਕਾਨ ਦੇ ਅੰਦਰ ਸੌਂ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਪਿਛਲੇ ਕਈ ਦਿਨਾਂ ਤੋਂ ਸਬਜ਼ੀਆਂ ਚੋਰੀ ਹੁੰਦੀਆਂ ਸਨ | ਉਨ੍ਹਾਂ ਬੀਤੀ ਰਾਤ ਚੋਰ ਵਲੋਂ ਸਬਜ਼ੀ ਚੋਰੀ ਕੀਤੀ ਤੇ ਇਹ ਘਟਨਾ ਦੁਕਾਨ ਅੰਦਰ ਲੱਗੇ ਸੀ.ਸੀ.ਟੀ.ਵੀ ਕੈਮਰੇ 'ਚ ਕੈਦ ਹੋ ਗਈ ਜਿਸ 'ਚ ਚੋਰ ਦਾ ਚਿਹਰਾ ਸਾਫ਼ ਦਿਖਾਈ ਦਿੰਦਾ ਸੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਚੋਰ ਦੀ ਤਾੜ ਰੱਖੀ ਤੇ ਅੱਜ ਦੇ ਜੱਸੀ ਨਾਂਅ ਦੇ ਚੋਰ ਨੂੰ ਕਾਬੂ ਕੀਤਾ | ਉਨ੍ਹਾਂ ਦੱਸਿਆ ਕਿ ਕੁੱਝ ਪ੍ਰਮੁੱਖ ਸ਼ਖ਼ਸੀਅਤਾਂ ਦੇ ਕਹਿਣ 'ਤੇ ਚੋਰ ਤੋਂ ਮੁਆਫ਼ੀ ਮੰਗਵਾ ਕੇ ਉਸ ਨੂੰ ਛੱਡ ਦਿੱਤਾ |