ਗੜ੍ਹਦੀਵਾਲਾ, 20 ਦਸੰਬਰ (ਚੱਗਰ)-ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ਼ ਮਨੀਸ਼ ਸਿਸੋਦੀਆ ਨੇ ਅੱਜ ਬ੍ਰਹਮ ਗਿਆਨੀ ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜਾ ਦੇ ਤਪ ਅਸਥਾਨ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਨਤਮਸਤਕ ਹੋ ਕੇ ਮੁੱਖ ਸੇਵਾਦਾਰ ਸੰਤ ਸੇਵਾ ਸਿੰਘ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਉਨਾਂ ਦੇ ਨਾਲ ਪੰਜਾਬ ਸਰਕਾਰ ਦੇ ਵਿਸ਼ੇਸ਼ ਸਲਾਹਕਾਰ ਦੀਪਕ ਬਾਲੀ, ਜਸਵੀਰ ਸਿੰਘ ਰਾਜਾ ਵਿਧਾਇਕ ਟਾਂਡਾ ਉੜਮੁੜ, ਕਰਮਵੀਰ ਸਿੰਘ ਘੁੰਮਣ ਵਿਧਾਇਕ ਦਸੂਹਾ, ਮਾਰਕੀਟ ਕਮੇਟੀ ਦੇ ਚੇਅਰਮੈਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹਾਜ਼ਰ ਸੀ | ਇਸ ਮੌਕੇ ਉਨ੍ਹਾਂ ਪੰਜਾਬ ਦੇ ਵਿਕਾਸ ਲਈ ਬਾਬਾ ਜੀ ਨਾਲ ਵਿਚਾਰ ਵਟਾਂਦਰਾ ਕੀਤਾ | ਜਿਸ ਦੌਰਾਨ ਸੰਤ ਸੇਵਾ ਸਿੰਘ ਨੇ ਮਨੀਸ਼ ਸਿਸੋਦੀਆ ਤੇ ਉਨ੍ਹਾਂ ਨਾਲ ਆਈ ਲੀਡਰਸ਼ਿਪ ਨੂੰ ਪੰਜਾਬ ਦੀ ਤਰੱਕੀ ਲਈ ਸੁਚੱਜੇ ਰੂਪ ਨਾਲ ਕਾਰਜ ਕਰਨ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਮਨੀਸ਼ ਸਿਸੋਦੀਆ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਪਿਛਲੇ ਸਮੇਂ ਵਿੱਚ ਸੰਤ ਸੇਵਾ ਸਿੰSਘ ਵੱਲੋਂ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਰਾਹੀਂ ਇਲਾਕੇ ਦੇ ਵਿਕਾਸ ਲਈ ਜੋ ਪ੍ਰੋਜੈਕਟ ਮਨਜ਼ੂਰ ਕਰਵਾਏ ਸਨ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਸਿਰੇ ਚਾੜ੍ਹਨ ਦਾ ਵੀ ਭਰੋਸਾ ਦਿੱਤਾ | ਇਸ ਸਮੇਂ ਨਵੇਂ ਚੁਣੇ ਗਏ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਸਮੇਤ 'ਆਪ' ਦੇ ਵਰਕਰ ਤੇ ਇਲਾਕੇ ਦੇ ਪਤਵੰਤੇ ਸੱਜਣ ਵੀ ਹਾਜ਼ਰ ਸਨ |