ਦਸੂਹਾ, 21 ਦਸੰਬਰ (ਭੁੱਲਰ)- ਦਸੂਹਾ ਹੁਸ਼ਿਆਰਪੁਰ ਸੜਕ ਤੇ ਹੁਸ਼ਿਆਰਪੁਰ ਚੁੰਗੀ ਨਜ਼ਦੀਕ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਇੱਕ ਵਿਅਕਤੀ ਕੋਲੋਂ ਮੋਬਾਈਲ ਤੇ 2350 ਰੁਪਏ ਖੋਹ ਲਏ ਤੇ ਫ਼ਰਾਰ ਹੋ ਗਏ | ਪੀੜਤ ਹੰਸਾ ਸਿੰਘ ਵਾਸੀ ਕਹਿਰਵਾਲੀ ਦਸੂਹਾ ਨੇ ਦੱਸਿਆ ਕਿ ਉਹ ਦੁਕਾਨ ਚਲਾਉਂਦਾ ਹੈ ਜਦਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਲਗਭਗ ਸਾਢੇ ਪੰਜ ਵਜੇ ਸੈਰ ਕਰਨ ਲਈ ਜਦੋਂ ਘਰ ਤੋਂ ਬਾਹਰ ਗਿਆ ਤਾਂ ਉਸ ਨੂੰ ਪਿੱਛੇ ਤੋਂ ਇੱਕ ਲੁਟੇਰੇ ਨੇ ਜ਼ੋਰਦਾਰ ਜੱਫਾ ਪਾ ਲਿਆ ਤੇ ਮੂੰਹ ਘੁੱਟ ਦਿੱਤਾ | ਦੂਸਰੇ ਲੁਟੇਰੇ ਨੇ ਉਸ ਦੀ ਜੇਬ ਪਾੜ ਕੇ ਜੇਬ ਵਿਚੋਂ ਮੋਬਾਈਲ ਅਤੇ ਦੂਸਰੀ ਜੇਬ ਵਿਚੋਂ 1850 ਰੁਪਏ ਕੱਢ ਲਏ ਤੇ ਫ਼ਰਾਰ ਹੋ ਗਏ | ਉਸ ਨੇ ਦੱਸਿਆ ਕਿ ਮੋਬਾਈਲ ਦੇ ਕਵਰ ਵਿਚ ਉਸ ਨੇ 500 ਰੁਪਏ ਰੱਖੇ ਹੋਏ ਸਨ | ਉਨ੍ਹਾਂ ਦੱਸਿਆ ਕਿ ਉਹ ਇਸ ਘਟਨਾ ਨਾਲ ਬੁਰੀ ਤਰ੍ਹਾਂ ਨਾਲ ਸਹਿਮ ਗਿਆ | ਇਸ ਸਬੰਧੀ ਦਸੂਹਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ ਇਸ ਸੜਕ 'ਤੇ ਅਕਸਰ ਹੀ ਲੁਟੇਰਿਆਂ ਵੱਲੋਂ ਸਰਦੀਆਂ ਦੇ ਮੌਸਮ ਦੌਰਾਨ ਧੁੰਦ ਦਾ ਨਜਾਇਜ਼ ਫ਼ਾਇਦਾ ਲੈ ਕੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ |