ਤਲਵਾੜਾ, 21 ਦਸੰਬਰ (ਮਹਿਤਾ)- ਬਲਾਕ ਸੰਮਤੀ ਤਲਵਾੜਾ ਤੋਂ ਭਾਰਤੀ ਜਨਤਾ ਪਾਰਟੀ ਨੂੰ 5 ਜ਼ੋਨਾਂ ਤੋਂ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਹੈ | ਇਸ ਤੋਂ ਬਾਅਦ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਪਿੰਕੀ ਨੇ ਕਿਹਾ ਕਿ ਭਾਜਪਾ ਦੇ ਜ਼ਮੀਨੀ ਕਾਰਜਕਰਤਾਵਾਂ ਦੀ ਲਗਾਤਾਰ ਮਿਹਨਤ, ਪੱਕੀ ਨਿਸ਼ਠਾ ਅਤੇ ਮਾਣਯੋਗ ਮੋਦੀ ਸਰਕਾਰ ਦੀਆਂ ਜਨ ਕਲਿਆਣਕਾਰੀ ਨੀਤੀਆਂ ਦੇ ਸਦਕਾ ਤਲਵਾੜਾ ਬਲਾਕ ਵਿਚ 5 ਪੰਚਾਇਤ ਸੰਮਤੀ ਸੀਟਾਂ 'ਤੇ ਭਾਜਪਾ ਨੇ ਜਿੱਤ ਦਰਜ ਕੀਤੀ ਹੈ | ਸ੍ਰੀ ਪਿੰਕੀ ਨੇ ਕਿਹਾ ਕਿ ਮੈਂ ਸਾਰੇ ਵਿਜੇਤਾ ਭਾਜਪਾ ਉਮੀਦਵਾਰਾਂ ਨੂੰ ਜਿੱਥੇ ਮੁਬਾਰਕਾਂ ਪੇਸ਼ ਕਰਦਾ ਹਾਂ ਉੱਥੇ ਹੀ ਜਿਨ੍ਹਾਂ ਸਾਥੀਆਂ ਨੂੰ ਇਸ ਵਾਰ ਸਫਲਤਾ ਨਹੀਂ ਮਿਲੀ ਉਨ੍ਹਾਂ ਦੀ ਮਿਹਨਤ ਅਤੇ ਹਿੰਮਤ ਵੀ ਕਾਬਿਲ-ਏ-ਤਾਰੀਫ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਦਬਾਅ, ਪ੍ਰਸ਼ਾਸਨਿਕ ਹੱਥਕੰਡਿਆਂ ਦੇ ਬਾਵਜੂਦ ਉਨ੍ਹਾਂ ਨੇ ਡਟ ਕੇ ਪੂਰੇ ਜਜ਼ਬੇ ਨਾਲ ਲੋਕਤੰਤਰ ਦੀ ਲੜਾਈ ਲੜੀ | ਉਨ੍ਹਾਂ ਕਿਹਾ ਕਿ ਭਾਜਪਾ ਪਰਿਵਾਰ ਦਾ ਹਰ ਕਾਰਜਕਰਤਾ ਸਾਡੀ ਤਾਕਤ ਹੈ ਇਹ ਸੰਘਰਸ਼ ਭਵਿੱਖ ਦੀਆਂ ਵੱਡੀਆਂ ਜਿੱਤਾਂ ਦੀ ਨੀਂਹ ਹੈ | ਭਾਜਪਾ ਨੇਤਾ ਸ੍ਰੀ ਪਿੰਕੀ ਨੇ ਹਲਕਾ ਦਸੂਹਾ ਦੇ ਸਾਰੇ ਹੀ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ | ਇਸ ਮੌਕੇ ਬਡਾਲਾ ਜੋਨ ਤੋਂ ਸੰਮਤੀ ਮੈਂਬਰ ਅਨੀਤਾ ਦੇਵੀ, ਦੇਪੁਰ ਜੋਨ ਤੋਂ ਸੰਮਤੀ ਮੈਂਬਰ ਸੋਨੀਆ ਡਡਵਾਲ, ਭਟੇੜ ਜੋਨ ਤੋਂ ਸੰਮਤੀ ਮੈਂਬਰ ਰਾਧਾ ਰਾਣੀ, ਅਮਰੋਹ ਜੋਨ ਤੋਂ ਸੰਮਤੀ ਮੈਂਬਰ ਕਰੁਣਾ ਠਾਕੁਰ, ਭਵਨੌਰ ਜੋਨ ਤੋਂ ਸੰਮਤੀ ਮੈਂਬਰ ਸੰਜੋਗਤਾ ਕੁਮਾਰੀ, ਡਾ. ਧਰੁੱਵ ਸਿੰਘ ਸਾਬਕਾ ਪ੍ਰਧਾਨ ਨਗਰ ਪੰਚਾਇਤ ਤਲਵਾੜਾ, ਭਾਜਪਾ ਆਗੂ ਕੁਲਦੀਪ ਚਤਰੂ, ਕੁਲਜੀਤ ਸਿੰਘ ਭਾਜਪਾ ਆਗੂ, ਅਨਿਲ ਠਾਕੁਰ, ਅੰਕਿਤ ਪਠਾਨੀਆ, ਰਮਨ ਕੌਲ, ਸ੍ਰੀਰਾਮ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ |