ਗੜ੍ਹਸ਼ੰਕਰ, 22 ਦਸੰਬਰ (ਧਾਲੀਵਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਅਤੇ ਗੁਰਮਤਿ ਚੇਤਨਾ ਮਾਰਚ 23 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ | ਪਿ੍ੰਸੀਪਲ ਡਾ. ਅਮਨਦੀਪ ਹੀਰਾ ਨੇ ਦੱਸਿਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਅਨੁਸਾਰ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਸਮੂਹਿਕ ਰੂਪ ਵਿਚ 23 ਦਸੰਬਰ ਨੂੰ ਕਾਲਜ ਗੁਰਦੁਆਰਾ ਸਾਹਿਬ ਵਿਖੇ ਸਵੇਰੇ ਧਾਰਮਿਕ ਸਮਾਗਮ ਕਰਵਾਏ ਜਾਣਗੇ ਤੇ ਅਰਦਾਸ ਉਪਰੰਤ ਸਵੇਰੇ 11.30 ਵਜੇ ਸ਼ਹੀਦੀ ਪੰਦ੍ਹਰਵਾੜੇ ਨੂੰ ਸਮਰਪਿਤ ਗੁਰਮਤਿ ਚੇਤਨਾ ਮਾਰਚ ਕਾਲਜ ਤੋਂ ਆਰੰਭ ਕੀਤਾ ਜਾਵੇਗਾ ਜੋ ਗੁਰਦੁਆਰਾ ਸਿੰਘ ਸਭਾ ਗੜ੍ਹਸ਼ੰਕਰ ਵਿਖੇ ਸਮਾਪਤ ਹੋਵੇਗਾ | ਉਨ੍ਹਾਂ ਦੱਸਿਆ ਕਿ ਕਾਲਜ ਗੁਰਦੁਆਰਾ ਸਾਹਿਬ ਵਿਖੇ ਸ਼ਹੀਦੀ ਪੰਦ੍ਹਰਵਾੜੇ ਦੇ ਸਬੰਧ ਵਿਚ ਰੋਜ਼ਾਨਾ ਸ੍ਰੀ ਜਪੁਜੀ ਸਾਹਿਬ ਅਤੇ ਸ੍ਰੀ ਚੌਪਈ ਸਾਹਿਬ ਦੇ ਜਾਪ ਕੀਤੇ ਜਾ ਰਹੇ ਹਨ |