ਮੁਕੇਰੀਆਂ, 23 ਦਸੰਬਰ (ਰਾਮਗੜ੍ਹੀਆ)- ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ, ਮਾਤਾ ਗੁਜਰੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੇਵਾ ਸੁਸਾਇਟੀ ਮੁਕੇਰੀਆਂ ਵਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਅਤੇ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਰਜਿ. ਪੰਜਾਬ ਦੇ ਸਹਿਯੋਗ ਨਾਲ ਚਾਰ ਰੋਜ਼ਾ ਚੌਥਾ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਝਾਂਜੀ ਹਸਪਤਾਲ ਆਦਰਸ਼ ਨਗਰ ਮੁਕੇਰੀਆਂ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਮੈਂਬਰਾਂ ਸਰਬਜੀਤ ਸਿੰਘ, ਅਮਰਜੀਤ ਸਿੰਘ ਵਾਲੀਆ, ਗੁਰਮਿੰਦਰ ਸਿੰਘ ਨੇ ਦੱਸਿਆ ਕਿ ਇਹ ਸਮਾਗਮ 25 ਦਸੰਬਰ ਦਿਨ ਵੀਰਵਾਰ ਤੋਂ ਸ਼ੁਰੂ ਹੋ ਕੇ 26, 27, 28 ਦਸੰਬਰ ਦਿਨ ਐਤਵਾਰ ਨੂੰ ਸਮਾਪਤ ਹੋਵੇਗਾ | ਉਨ੍ਹਾਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਹਰ ਦੀਵਾਨ ਵਿਚ ਪਰਿਵਾਰ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰੋ | ਉਨ੍ਹਾਂ ਦੱਸਿਆ ਕਿ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸੰਗਤੀ ਰੂਪ ਵਿਚ ਰੋਜ਼ਾਨਾ 3:30 ਤੋਂ 5 ਵਜੇ ਤੱਕ ਹੋਣਗੇ |