ਮੁਕੇਰੀਆਂ, 30 ਦਸੰਬਰ (ਰਾਮਗੜ੍ਹੀਆ)- ਵੀਰ ਬਾਲ ਦਿਵਸ ਦੇ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈ ਕੌਸ਼ਲ ਸੇਠੂ ਦੀ ਅਗਵਾਈ ਹੇਠ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਸ਼ਹੀਦੀ ਦਿਵਸ ਨੂੰ ਸਮਰਪਿਤ ਗਰਮ ਦੁੱਧ ਦਾ ਲੰਗਰ ਲਗਾਇਆ ਅਤੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਹਲਕਾ ਵਿਧਾਇਕ ਜੰਗੀ ਲਾਲ ਮਹਾਜਨ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਆਪਣੇ ਸੰਬੋਧਨ ਵਿਚ ਅਜੈ ਕੌਸ਼ਲ ਸੇਠੂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਉਨ੍ਹਾਂ ਦੇ ਸਮੁੱਚੇ ਪਰਿਵਾਰ ਦੀ ਕੀਤੀ ਗਈ ਅਦੁੱਤੀ ਕੁਰਬਾਨੀ ਨੂੰ ਨਿਮਰਤਾ ਅਤੇ ਸਤਿਕਾਰ ਨਾਲ ਯਾਦ ਕੀਤਾ | ਵਿਧਾਇਕ ਜੰਗੀ ਲਾਲ ਮਹਾਜਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸ਼ਹੀਦੀ ਦਿਵਸ ਨਾ ਸਿਰਫ਼ ਸਾਨੂੰ ਸਾਡੇ ਇਤਿਹਾਸ ਨਾਲ ਜੋੜਦਾ ਹੈ ਬਲਕਿ ਸਮਾਜ ਵਿਚ ਸੇਵਾ ਅਤੇ ਕੁਰਬਾਨੀ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦਾ ਹੈ | ਉਨ੍ਹਾਂ ਕਿਹਾ ਕਿ ਲੰਗਰ ਦੀ ਪਰੰਪਰਾ ਸਿੱਖ ਧਰਮ ਦੀ ਮਹਾਨ ਭਾਵਨਾ ਦਾ ਪ੍ਰਤੀਕ ਹੈ, ਜੋ ਸਮਾਨਤਾ, ਭਾਈਚਾਰੇ ਅਤੇ ਮਨੁੱਖਤਾ ਦਾ ਸੰਦੇਸ਼ ਦਿੰਦੀ ਹੈ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਰਘੂਨਾਥ ਸਿੰਘ ਰਾਣਾ, ਜ਼ਿਲ੍ਹਾ ਉਪ ਪ੍ਰਧਾਨ ਵਿਕਾਸ ਮਨਕੋਟੀਆ, ਮੰਡਲ ਪ੍ਰਧਾਨ ਨੀਰਜ ਸਾਹਨੀ ਬੰਟੀ, ਜ਼ਿਲ੍ਹਾ ਯੁਵਾ ਮੋਰਚਾ ਪ੍ਰਧਾਨ ਅਸ਼ਵਨੀ ਚੌਧਰੀ, ਗੁਰਨਾਮ ਸਿੰਘ ਮਹਿਤਾਪੁਰ, ਸਾਬਕਾ ਐਮਸੀ ਪੰਮਾ ਪਹਿਲਵਾਨ, ਮਦਨ ਲਾਲ ਨੰਗਲੂ, ਰਾਜੇਸ਼ ਵਰਮਾ, ਸੁਭਾਸ਼ ਜੌਲੀ, ਰਜਿੰਦਰ ਮਹਾਜਨ ਅਤੇ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਮੌਜੂਦ ਸਨ |