ਗੁਰੂਸਰ ਸੁਧਾਰ, 31 ਮਈ (ਬਲਵਿੰਦਰ ਸਿੰਘ ਧਾਲੀਵਾਲ)-ਭਾਰਤੀ ਸਟੇਟ ਬੈਂਕ ਦੀ ਸ਼ਾਖ਼ਾ ਸੁਧਾਰ ਵਿਖੇ ਇਕ ਸਮਾਗਮ ਦੌਰਾਨ ਬੈਂਕ ਦੀ ਖੇਤਰੀ ਦਫ਼ਤਰ ਪ੍ਰਤੀਨਿਧ ਮੰਜੂ ਵਰਮਾ, ਮੈਨੇਜਰ ਸੁਭਾਸ਼ ਚੰਦਰ ਤੇ ਹੋਰਨਾਂ ਅਧਿਕਾਰੀਆਂ ਵਲੋਂ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤਹਿਤ ਦੋ ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਸਵ: ਕੁਲਵਿੰਦਰ ਕੌਰ ਵਾਸੀ ਰੱਤੋਵਾਲ ਦੇ ਸਪੁੱਤਰ ਅਵਨੀਤ ਸਿੰਘ ਨੂੰ ਭੇਟ ਕੀਤਾ ਗਿਆ | ਸ਼ਾਖ਼ਾ ਸੁਧਾਰ ਪ੍ਰਬੰਧਕ ਮੈਨੇਜਰ ਸੁਭਾਸ਼ ਚੰਦਰ ਨੇ ਦੱਸਿਆ ਕਿ ਕੰਟਰੋਲਰ ਰਾਕੇਸ਼ ਚੌਧਰੀ ਦੇ ਨਿਰਦੇਸ਼ਾਂ ਤਹਿਤ ਸਿਰਫ਼ ਦੋ ਹਫ਼ਤਿਆਂ ਦੇ ਵਿਚ ਬੀਮਾ ਰਾਸ਼ੀ ਦੀ ਰਕਮ ਮਿ੍ਤਕਾ ਕੁਲਵਿੰਦਰ ਕੌਰ ਦੇ ਪੁੱਤਰ ਅਵਨੀਤ ਸਿੰਘ ਦੇ ਖਾਤੇ ਜ਼ਮ੍ਹਾਂ ਕਰਵਾ ਦਿੱਤੀ ਗਈ ਹੈ | ਖੇਤਰੀ ਪ੍ਰਤੀਨਿਧ ਮੰਜੂ ਵਰਮਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਹਿਜ 436 ਰੁਪਏ ਦੇ ਸਾਲਾਨਾ ਪ੍ਰੀਮੀਅਮ ਨਾਲ ਵਿਅਕਤੀ ਦੀ ਕੁਦਰਤੀ ਮੌਤ ਹੋਣ 'ਤੇ ਵੀ ਇਸ ਬੀਮਾ ਯੋਜਨਾ ਤਹਿਤ ਦੋ ਲੱਖ ਰੁਪਏ ਦੀ ਬੀਮਾ ਰਾਸ਼ੀ ਮਿਲਦੀ ਹੈ | ਮੰਜੂ ਵਰਮਾ ਨੇ ਕਿਹਾ ਕਿ ਬੀਮਾ ਯੋਜਨਾ ਹਰ ਇਕ ਵਿਅਕਤੀ ਲਈ ਮਜ਼ਬੂਤ ਵਿੱਤੀ ਸੁਰੱਖਿਆ ਯਕੀਨੀ ਬਣਾਉਂਦੀ ਹੈ ਤੇ 18 ਤੋਂ 50 ਸਾਲ ਤੱਕ ਦੇ ਬੱਚਤ ਖਾਤਾ ਧਾਰਕ ਇਸ ਯੋਜਨਾ ਦਾ ਲਾਭ ਉਠਾ ਸਕਦੇ ਹਨ | ਸਮਾਗਮ ਦੌਰਾਨ ਵੱਖ-ਵੱਖ ਸਕੀਮਾਂ ਦੇ ਸਬੰਧ ਵਿਚ ਗਾਹਕਾਂ ਤੇ ਪਤਵੰਤੇ ਸੱਜਣਾਂ ਨੂੰ ਪ੍ਰਚਾਰ ਸਮੱਗਰੀ ਵੀ ਵੰਡੀ ਗਈ | ਇਸ ਮੌਕੇ ਖੇਤਰੀ ਪ੍ਰਤੀਨਿਧ ਮੰਜੂ ਵਰਮਾ, ਮੈਨੇਜਰ ਸੁਭਾਸ਼ ਚੰਦਰ, ਸੇਵਾ ਪ੍ਰਬੰਧਕ ਅਨੂ ਕੁਮਾਰੀ, ਖ਼ਜ਼ਾਨਚੀ ਮਨਜੀਤ ਸਿੰਘ ਆਦਿ ਸਮੇਤ ਬੈਂਕ ਸਟਾਫ਼ ਮੈਂਬਰ ਤੇ ਹੋਰ ਹਾਜ਼ਰ ਸਨ |