ਜਗਰਾਉਂ, 31 ਮਈ (ਸ਼ਮਸ਼ੇਰ ਸਿੰਘ ਗਾਲਿਬ)-'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਆਖਰੀ ਦਿਨ ਤਿੰਨ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਗਏ | ਨਸ਼ੇ ਦੀ ਵੱਧ ਡੋਜ਼ ਲੈਣ ਵਾਲੇ ਦੋ ਨੌਜਵਾਨਾਂ ਦੀ ਸਥਾਨਕ ਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ ਅਤੇ ਇਕ ਨੌਜਵਾਨ ਆਪਣੇ ਪਿੰਡ ਵਿਚ ਹੀ ਖੇਤ ਵਿਚ ਚਿੱਟੇ ਦੀ ਵੱਧ ਡੋਜ਼ ਨਾਲ ਮਿ੍ਤਕ ਪਾਇਆ ਗਿਆ | ਇੱਥੇ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਮਈ ਮਹੀਨੇ ਵਿਚ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਨਸ਼ਾ ਖ਼ਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ, ਜਦਕਿ ਸਰਕਾਰ ਦੀ ਇਸ ਮੁਹਿੰਮ ਦੇ ਆਖ਼ਰੀ ਦਿਨ ਅਜੀਤਵਾਲ ਨੇੜੇ ਇਕ ਵੱਡੇ ਪਿੰਡ ਦੇ ਦੋ ਨੌਜਵਾਨ ਅਤੇ ਇਕ ਡੱਲਾ ਪਿੰਡ ਦੇ ਨਾਲ ਲੱਗਦੇ ਇਕ ਪਿੰਡ ਨਾਲ ਸਬੰਧਿਤ ਨੌਜਵਾਨ ਚਿੱਟੇ ਦੀ ਵੱਧ ਡੋਜ਼ ਨਾਲ ਮਰ ਗਏ | ਇੱਥੇ ਦੱਸਣਯੋਗ ਹੈ ਕਿ ਤਿੰਨੇ ਨੌਜਵਾਨ 30 ਤੋਂ 32 ਸਾਲ ਦੇ ਸਨ, ਜਿੰਨ੍ਹਾਂ 'ਚੋਂ ਇਕ ਨੌਜਵਾਨ ਵਿਆਹਿਆ ਹੋਇਆ ਸੀ ਅਤੇ ਦੋ ਨੌਜਵਾਨ ਅਜੇ ਕੁਆਰੇ ਸਨ | ਪੰਜਾਬ ਸਰਕਾਰ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਨਸ਼ੇ ਦੀ ਚੇਨ ਤੋੜਨ ਦੀਆਂ ਸਿਰਤੋੜ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ ਪ੍ਰੰਤੂ ਨਸ਼ਾ ਤਸਕਰਾਂ ਦੇ ਹੌਂਸਲੇ ਹਾਲੇ ਵੀ ਬੁਲੰਦ ਹਨ | ਨਸ਼ਿਆਂ ਖ਼ਿਲਾਫ਼ ਸਖ਼ਤੀ ਦੇ ਬਾਵਜੂਦ ਨਸ਼ਾ ਤਸਕਰ ਸਰਕਾਰ ਦੀ ਇਸ ਮੁਹਿੰਮ ਨੂੰ ਮੁੰਹ ਚਿੜਾ ਰਹੇ ਹਨ | ਅਜੀਤਵਾਲ ਨੇੜੇ ਇਕ ਵੱਡੇ ਪਿੰਡ 'ਚ ਨੌਜਵਾਨ ਇਕ ਨੌਜਵਾਨ ਦੀ ਚਿੱਟੇ ਦੇ ਟੀਕੇ ਨਾਲ ਮੌਤ ਹੋਣ ਦਾ ਸਮਾਚਾਰ ਹੈ ਅਤੇ ਉਸੇ ਪਿੰਡ ਹੀ ਦੂਸਰੇ ਨੌਜਵਾਨ ਨੂੰ ਜਦੋਂ ਨਸ਼ੇ ਦੀ ਜ਼ਿਆਦਾ ਡੋਜ਼ ਲੈਣ ਕਾਰਨ ਜਗਰਾਉਂ ਦੇ ਨਿੱਜੀ ਹਸਪਤਾਲ 'ਚ ਲਿਆਂਦਾ ਗਿਆ, ਜਿੱਥੇ ਉਸਦੀ ਮੌਤ ਹੋ ਗਈ | ਇਸੇ ਤਰ੍ਹਾਂ ਪਿੰਡ ਡੱਲਾ ਨੇੜਲੇ ਪਿੰਡ ਦਾ ਨੌਜਵਾਨ ਇਸੇ ਹਸਪਤਾਲ ਲਿਆਂਦਾ ਜਿਸਦੀ ਪਹਿਲਾਂ ਹੀ ਮੌਤ ਹੋ ਚੁਕੀ ਸੀ | ਇੱਥੇ ਦੱਸਣਯੋਗ ਹੈ ਕਿ ਜਿਸ ਪਿੰਡ ਦੇ ਦੋ ਨੌਜਵਾਨਾਂ ਦੀ ਮੌਤ ਹੋਈ ਹੈ, ਉਸ ਪਿੰਡ 'ਚ ਪਿਛਲੇ ਕਈ ਸਾਲਾਂ ਤੋਂ ਚਿੱਟਾ ਵਿਕ ਰਿਹਾ ਹੈ, ਜਿਸ ਨੂੰ ਬੰਦ ਕਰਵਾਉਣ ਲਈ ਪਿੰਡ ਵਾਸੀਆਂ ਨੇ ਇਕ ਸਾਲ ਲਗਾਤਾਰ ਧਰਨਾ ਦਿੱਤਾ ਸੀ |