ਜਗਰਾਉਂ, 31 ਮਈ (ਸ਼ਮਸ਼ੇਰ ਸਿੰਘ ਗਾਲਿਬ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਲਕੇ 2 ਜੂਨ ਨੂੰ ਜਗਰਾਉਂ ਦਾਣਾ ਮੰਡੀ 'ਚ ਪੁਲਿਸ ਜ਼ਬਰ ਖ਼ਿਲਾਫ਼ ਵਿਸ਼ਾਲ ਰੈਲੀ ਦੀ ਲਾਮਬੰਦੀ ਲਈ ਸਿੱਧਵਾਂ ਬੇਟ ਬਲਾਕ ਦੇ ਪਿੰਡਾਂ ਭਮਾਲ, ਸ਼ੇਖਦੌਲਤ, ਲੀਲਾਂ ਮੇਘ ਸਿੰਘ, ਰਾਮਗੜ੍ਹ ਭੁੱਲਰ, ਸਵੱਦੀ ਖੁਰਦ, ਗਾਲਿਬ ਕਲਾਂ, ਸ਼ੇਰਪੁਰਾ ਕਲਾਂ, ਸ਼ੇਰਪੁਰਾ ਖੁਰਦ, ਕਲੇਰ, ਲੋਧੀਵਾਲਾ, ਕੰਨੀਆ, ਤਿਹਾੜਾ, ਗਿੱਦੜਵਿੰਡੀ ਆਦਿ 'ਚ ਕਿਸਾਨਾਂ-ਮਜ਼ਦੂਰਾਂ ਦੀਆ ਮੀਟਿੰਗਾਂ ਕੀਤੀਆਂ ਗਈਆਂ | ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਜਗਜੀਤ ਸਿੰਘ ਕਲੇਰ ਦੀ ਅਗਵਾਈ 'ਚ ਪਿੰਡਾਂ 'ਚ ਕਿਸਾਨਾਂ ਨਾਲ ਮੀਟਿੰਗਾਂ ਕਰਦਿਆਂ ਪੁਲਿਸ ਜ਼ਬਰ ਖ਼ਿਲਾਫ਼ ਰੈਲੀ 'ਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਗਿਆ | ਇਸ ਸਮੇਂ ਬੋਲਦਿਆ ਬਲਾਕ ਸਕੱਤਰ ਕੁਲਵੰਤ ਸਿੰਘ ਗਾਲਿਬ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਇੰਦਰਜੀਤ ਸਿੰਘ ਲੋਧੀਵਾਲਾ ਨੇ ਕਿਹਾ ਕਿ ਕਿਸਾਨਾਂ ਨੇ ਖੇਤੀ ਮੰਡੀਕਰਨ ਐਕਟ ਭਗਵੰਤ ਮਾਨ ਸਰਕਾਰ ਤੋਂ ਰੱਦ ਕਰਵਾਇਆ ਪਰ ਕਿਸਾਨਾਂ ਨੂੰ ਮਿਹਣੇ ਮਾਰਨ ਤੇ ਇਲਜਾਮ ਲਾਉਣ ਵਾਲੀ ਭਗਵੰਤ ਮਾਨ ਸਰਕਾਰ ਨੇ ਡੈਮ ਸੇਫਟੀ ਐਕਟ ਤੇ ਜਲਵਾਯੂ ਪ੍ਰਦੂਸ਼ਣ ਐਕਟ ਕਿਸਾਨ ਜਥੇਬੰਦੀਆਂ ਵਲੋਂ ਮੰਗ ਕਰਨ ਦੇ ਬਾਵਜੂਦ ਵਿਧਾਨ ਸਭਾ 'ਚ ਮਨਜੂਰ ਕਰਕੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦੇ ਦਿੱਤਾ | ਉਨ੍ਹਾਂ ਕਿਹਾ ਕਿ ਹੁਣ ਜਦੋਂ ਝੋਨੇ ਅਤੇ ਮੱਕੀ ਦੀ ਬਿਜਾਈ ਲਈ ਡੀ.ਏ.ਪੀ. ਦੀ ਲੋੜ ਹੈ ਤਾਂ ਸਪਲਾਈ ਘੱਟ ਹੋਣ ਕਾਰਨ ਕਿਸਾਨ ਧੱਕੇ ਖਾ ਰਹੇ ਹਨ | ਉਨ੍ਹਾਂ ਡੀ.ਏ.ਪੀ. ਦੀ ਸਪਲਾਈ ਵਧਾਉਣ ਅਤੇ ਬਲੈਕ ਰੋਕਣ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਬਾਇਓ ਗੈਸ ਫੈਕਟਰੀਆਂ ਖ਼ਿਲਾਫ਼ ਚੱਲ ਰਹੇ ਮੋਰਚਿਆਂ 'ਤੇ ਪੁਲਿਸ ਤਸ਼ੱਦਦ, ਕਿਸਾਨਾਂ ਮਜ਼ਦੂਰਾਂ ਦੇ ਧਰਨਿਆਂ 'ਤੇ ਲਾਠੀਚਾਰਜ ਅਤੇ ਪਰਚੇ ਸਮੇਤ ਜੇਲਾਂ 'ਚ ਬੰਦ ਕਰਨਾ ਇੱਕ ਆਮ ਵਰਤਾਰਾ ਬਣ ਗਿਆ ਹੈ, ਜਿਸ ਖ਼ਿਲਾਫ਼ ਜਗਰਾਉਂ ਰੈਲੀ ਇਕ ਚੱਟਾਨ ਬਣੇਗੀ | ਉਨ੍ਹਾਂ ਕਿਹਾ ਕਿ ਇਸ ਸਮੇਂ ਲੁਧਿਆਣਾ ਜ਼ਿਲੇ੍ਹ 'ਚ ਗਲਾਡਾ ਵਲੋਂ ਕਿਸਾਨਾਂ ਦੀ 24311 ਏਕੜ ਜ਼ਮੀਨ ਖੋਹਣ ਖ਼ਿਲਾਫ਼ ਸੰਘਰਸ਼ ਦੀ ਵੀ ਚਰਚਾ ਹੋਵਗੀ | ਇਸ ਸਮੇਂ ਜਸਵਿੰਦਰ ਸਿੰਘ ਕਾਕਾ, ਪਿੰਦਰ ਸਿੰਘ, ਰਾਜ ਸਿੰਘ ਆਦਿ ਹਾਜ਼ਰ ਸਨ |