ਜਗਰਾਉਂ, 1 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਬਲੌਜ਼ਮ ਕਾਨਵੈਂਟ ਸਕੂਲ ਵਿਖੇ ਵਿਦਿਆਰਥੀਆਂ ਨੇ 'ਵਰਲਡ ਨੋ ਤੰਬਾਕੂ ਡੇਅ' ਮਨਾ ਕੇ ਸਮਾਜ ਨੂੰ ਇਕ ਚੰਗਾ ਸੁਨੇਹਾ ਦਿੱਤਾ | ਵਿਦਿਆਰਥੀਆਂ ਵਲੋਂ ਆਨਲਾਈਨ ਸਹੁੰ ਚੁੱਕੀ ਗਈ ਅਤੇ ਅਧਿਆਪਕਾਂ ਨੇ ਨਸ਼ਿਆਂ ਦੇ ਕੋਹੜ ਤੋਂ ਦੂਰ ਰਹਿਣ ਅਤੇ ਬਾਕੀਆਂ ਨੂੰ ਪ੍ਰੇਰਿਤ ਕਰਨ ਲਈ ਵਿਦਿਆਰਥੀ ਵਰਗ ਨੂੰ ਮੂਹਰੇ ਆਉਣ ਲਈ ਕਿਹਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ: ਨਵਨੀਤ ਕੌਰ ਨੇ ਦੱਸਿਆ ਕਿ ਅਸੀਂ ਦੁਨੀਆਂ 'ਤੇ ਵਗ ਰਹੇ ਨਸ਼ੇ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ ਲਈ ਅਜਿਹੇ ਸੁਨੇਹੇ ਸਮਾਜ ਨੂੰ ਵਿਦਿਆਰਥੀ ਵਰਗ ਵਲੋਂ ਦਿਵਾਉਂਦੇ ਰਹਿੰਦੇ ਹਾਂ ਕਿਉਂਕਿ ਅੱਜ ਦਾ ਯੂਥ ਪਿਛਲੱਗ ਹੈ ਉਸ ਦਾ ਕਿਸੇ ਪਾਸੇ ਵੀ ਪੈਰ ਫਿਸਲਣਾ ਸੁਭਾਵਿਕ ਹੈ | ਸਕੂਲ ਵਿਖੇ ਹੋਣ ਵਾਲੀਆਂ ਇੰਨ੍ਹਾਂ ਗਤੀਵਿਧੀਆਂ ਸਦਕਾ ਵਿਦਿਆਰਥੀ ਵਰਗ ਇੰਨ੍ਹਾਂ ਤੋਂ ਦੂਰ ਰਹੇਗਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਇਆ ਜਾ ਸਕੇ | ਇਸ ਮੌਕੇ ਸਕੂਲ ਦੇ ਪ੍ਰਧਾਨ ਸ: ਮਨਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਸਰਕਾਰ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਵਿਚ ਅਸੀਂ ਹਰ ਯੋਗਦਾਨ ਲਈ ਹਮੇਸ਼ਾ ਤਿਆਰ ਹਾਂ |