ਸਿੱਧਵਾਂ ਬੇਟ, 4 ਜੂਨ (ਜਸਵੰਤ ਸਿੰਘ ਸਲੇਮਪੁਰੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਜਗਜੀਤ ਸਿੰਘ ਕਲੇਰ ਅਤੇ ਬਲਾਕ ਸਕੱਤਰ ਕੁਲਵੰਤ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲਾਗਲੇ ਪਿੰਡ ਭੂਮਾਲ ਦੇ ਕਿਸਾਨ-ਮਜ਼ਦੂਰ ਆਗੂ ਜਸਵਿੰਦਰ ਸਿੰਘ ਦੀ ਕੁੱਟਮਾਰ ਕਰਨ ਵਾਲੇ ਦੋਸ਼ੀ ਨੂੰ ਤੁਰੰਤ ਗਿ੍ਫ਼ਤਾਰ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ | ਉਨ੍ਹਾਂ ਆਖਿਆ ਕਿ ਜਸਵਿੰਦਰ ਸਿੰਘ ਭੂਮਾਲ ਦੀ ਅਜੇ ਇਕ ਮਹੀਨਾਂ ਪਹਿਲਾ ਹੀ ਦਿਲ ਦੀ ਸਰਜਰੀ ਹੋਈ ਹੈ ਅਤੇ ਉਸ ਦੇ ਸਟੰਟ ਪਾਏ ਗਏ ਹਨ, ਪਰ ਇਸ ਦੇ ਬਾਵਜੂਦ ਵੀ ਦੋਸ਼ੀ ਨੇ ਜਸਵਿੰਦਰ ਸਿੰਘ ਨੂੰ ਰਸਤੇ ਵਿਚ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੀ ਛਾਤੀ ਵਿਚ ਪੂਰੇ ਜੋਰ ਨਾਲ ਘਸੁੰਨ ਮਾਰ ਕੇ ਹੇਠਾਂ ਸੁੱਟ ਦਿੱਤਾ | ਜਿਸ ਨੂੰ ਤੁਰੰਤ ਜਗਰਾਉਂ ਦੇ ਸਿਵਲ ਹਸਪਤਾਲ ਵਿਚ ਲਿਜਾਇਆ ਗਿਆ | ਕਿਸਾਨ ਆਗੂਆਂ ਨੇ ਆਖਿਆ ਕਿ ਡਾਕਟਰਾਂ ਵਲੋਂ ਐੱਲ.ਐੱਮ.ਆਰ. ਕੱਟਕੇ ਥਾਣਾ ਸਿੱਧਵਾਂ ਬੇਟ ਨੂੰ ਭੇਜੀ ਗਈ ਹੈ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ |