ਰਾਏਕੋਟ, 2 ਸਤੰਬਰ (ਸੁਸ਼ੀਲ)-ਸ਼ਹਿਰ ਦੇ ਮੁਹੱਲਾ ਖੋਸਿਆਂ, ਜੋਸ਼ੀਆਂ ਅਤੇ ਨੈਬਾਂ ਦੇ ਸਮੂਹ ਨਿਵਾਸੀਆਂ ਵਲੋਂ ਸਮੂਹ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ ਪੰਜਵਾਂ ਸਾਲਾਨਾ ਸ੍ਰੀ ਗਣੇਸ਼ ਮਹਾਂਉਤਸਵ ਸ਼ਰਧਾ ਨਾਲ ਮਨਾਇਆ ਗਿਆ | ਇਸ ਸੰਬੰਧ 'ਚ ਮੁਹੱਲਾ ਨਿਵਾਸੀਆਂ ਵਲੋਂ ਜੈਨ ਮੰਦਰ ਦੇ ਹਾਲ 'ਚ ਭਗਵਾਨ ਸ੍ਰੀ ਗਣੇਸ਼ ਦੀ ਮੂਰਤੀ ਪੂਰੀ ਧਾਰਮਿਕ ਮਰਿਆਦਾ ਅਨੁਸਾਰ ਸਥਾਪਿਤ ਕੀਤੀ ਗਈ ਅਤੇ ਲਗਾਤਾਰ ਪੰਜ ਦਿਨ ਤੱਕ ਸ੍ਰੀ ਗਣੇਸ਼ ਦੀ ਪੂਰੇ ਵਿਧੀ ਵਿਧਾਨ ਨਾਲ ਪੂਜਾ ਅਰਚਨਾ ਕਰਨ ਉਪਰੰਤ ਸ੍ਰੀ ਗਣੇਸ਼ ਦੀ ਮੂਰਤੀ ਨੂੰ ਜਲ ਵਿਸਰਜਤ ਕਰ ਦਿੱਤਾ ਗਿਆ | ਇਸ ਦੌਰਾਨ ਸ੍ਰੀ ਦੁਰਗਾ ਮਾਤਾ ਪਰਿਵਾਰ (ਨੈਬਾਂ ਚੌਂਕ), ਸ੍ਰੀ ਬਾਲਾ ਜੀ ਪਰਿਵਾਰ, ਬੀਰਬਲ ਵਰਮਾਂ ਐਂਡ ਪਾਰਟੀ, ਜੈ ਭਵਾਨੀ ਸੰਕੀਰਤਨ ਮੰਡਲ ਅਤੇ ਸ੍ਰੀ ਰਾਧੇ ਕ੍ਰਿਸ਼ਨਾਂ ਪ੍ਰਭਾਤ ਫੇਰੀ ਮੰਡਲ ਵਲੋਂ ਰੋਜ਼ਾਨਾ ਸ੍ਰੀ ਗਣੇਸ਼ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਪੰਜ ਦਿਨ ਦੀ ਪੂਜਾ ਅਰਚਨਾ ਉਪਰੰਤ ਸ੍ਰੀ ਗਣੇਸ਼ ਦੀ ਮੂਰਤੀ ਨੂੰ ਨੇੜਲੇ ਕਸਬਾ ਸੁਧਾਰ ਵਿਖੇ ਜਲ 'ਚ ਵਿਸਰਜਤ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਸੰਗਤਾਂ ਮੌਜੂਦ ਸਨ |