ਜੋਧਾਂ, 2 ਸਤੰਬਰ (ਗੁਰਵਿੰਦਰ ਸਿੰਘ ਹੈਪੀ)-ਹੜ੍ਹਾਂ ਨਾਲ ਪੰਜਾਬ ਬੁਰੀ ਤਰ੍ਹਾਂ ਝੰਬਿਆ ਗਿਆ ਹੈ, ਫ਼ਸਲਾਂ ਤਬਾਹ ਹੋ ਗਈਆਂ ਹਨ, ਪਸ਼ੂ ਧਨ ਦਾ ਵੱਡਾ ਨੁਕਸਾਨ ਹੋ ਰਿਹਾ ਹੈ, ਹਿਮਾਚਲ ਤੇ ਜੰਮੂ ਕਸ਼ਮੀਰ ਵਿਚ ਵੀ ਵੱਡੀ ਤਬਾਹੀ ਹੋਈ ਤੇ ਹੋ ਰਹੀ ਹੈ | ਅਜਿਹੇ ਭਿਆਨਕ ਸਮੇਂ ਕੇਂਦਰ ਦੀ ਭਾਜਪਾ ਸਰਕਾਰ ਲੋਕਾਂ ਵੱਲ ਪਿੱਠ ਕਰਕੇ ਖੜ੍ਹੀ ਹੈ, ਜਿਵੇਂ ਇਸ ਤਬਾਹੀ ਨਾਲ ਉਸ ਦਾ ਕੋਈ ਵਾਸਤਾ ਹੀ ਨਾ ਹੋਵੇ | ਇਹ ਵਰਤਾਰਾ ਅਤਿ ਨਿੰਦਣਯੋਗ ਅਤੇ ਨਾ ਬਖ਼ਸ਼ਣ ਯੋਗ ਹੈ¢ ਪ੍ਰੈਸ ਨੂੰ ਇਹ ਬਿਆਨ ਜਾਰੀ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਆਲ ਇੰਡੀਆ ਕਿਸਾਨ ਸਭਾ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਜਸਵੀਰ ਝੱਜ ਅਤੇ ਜਨਰਲ ਸਕੱਤਰ ਚਮਕੌਰ ਸਿੰਘ ਬਰ੍ਹਮੀ ਨੇ ਕਿਹਾ ਕਿ ਪੰਜਾਬ ਦੇ ਡੈਮਾਂ 'ਤੇ ਕੇਂਦਰ ਸਰਕਾਰ ਕਾਬਜ਼ ਹੋ ਗਈ ਹੈ, ਪਰ ਪੰਜਾਬ ਦੀ ਔਖੀ ਘੜੀ ਵਿਚ ਅੱਖਾਂ ਮੀਟੀ ਬੈਠੀ ਹੈ | ਜੀ.ਐਸ.ਟੀ. ਰਾਹੀਂ ਸੂਬਿਆਂ ਦੀ ਆਮਦਨ ਦਾ ਵੱਡਾ ਹਿੱਸਾ ਕੇਂਦਰ ਸਰਕਾਰ ਕੋਲ ਚਲਾ ਜਾਂਦਾ ਹੈ, ਕੇਂਦਰੀ ਭਾਜਪਾ ਸਰਕਾਰ ਕੋਲ ਵੱਡੇ ਫ਼ੰਡ ਪਏ ਹਨ, ਪਰ ਸਰਕਾਰ ਵਲੋਂ ਕੇਂਦਰੀ ਕੋਟੇ ਵਿਚੋਂ ਇਸ ਤ੍ਰਾਸਦੀ ਸਮੇਂ ਕੁੱਝ ਵੀ ਨਹੀਂ ਕੀਤਾ ਜਾ ਰਿਹਾ | ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਤੇ ਹੋਰ ਪੀੜਤ ਲੋਕ ਮੁੜ ਉੱਠ ਖਲੋਣਗੇ ਪਰ ਕੇਂਦਰ ਸਰਕਾਰ ਦਾ ਜ਼ਾਲਮਾਨਾ ਰਵੱਈਆ ਕਦੇ ਨਹੀਂ ਭੁਲਾਉਣਗੇ |