ਗੁਰੂਸਰ ਸੁਧਾਰ, 2 ਸਤੰਬਰ (ਜਗਪਾਲ ਸਿੰਘ ਸਿਵੀਆਂ)-ਪੰਜਾਬ 'ਚ ਮੁਸਲਾਧਾਰ ਮੀਂਹ ਨੇ ਜਿੱਥੇ ਤਬਾਹੀ ਦਾ ਮੰਜ਼ਰ ਪੈਦਾ ਕੀਤਾ, ਉੱਥੇ ਤਰਪਾਲਾਂ ਨੇ ਅਮੀਰ-ਗਰੀਬ ਦੇ ਭੇਦ ਨੂੰ ਮਿਟਾ ਕੇ ਸਮਾਜ ਦੇ ਹਰ ਵਰਗ ਨੂੰ ਸੁਰੱਖਿਆ ਦੀ ਇਕ ਸਾਂਝੀ ਛੱਤਰੀ ਦਿੱਤੀ ਹੈ | ਕੱਚੇ ਕੋਠਿਆਂ ਤੋਂ ਲੈ ਕੇ ਚਮਕਦਾਰ ਕੋਠੀਆਂ ਤੱਕ ਤਰਪਾਲਾਂ ਨੇ ਟਪਕਦੀਆਂ ਛੱਤਾਂ ਅਤੇ ਮੀਂਹ ਦੇ ਪਾਣੀ ਦੇ ਰਿਸਾਅ ਨੂੰ ਰੋਕਣ 'ਚ ਅਹਿਮ ਭੂਮਿਕਾ ਨਿਭਾਈ, ਜੋ ਹਰ ਘਰ ਦੀ ਜ਼ਰੂਰਤ ਬਣ ਗਈ ਹੈ | ਮੀਂਹ ਦੀ ਬੇਰਹਿਮੀ ਨੇ ਗੁਰੂਸਰ ਸੁਧਾਰ ਸਣੇ ਸੂਬੇ ਦੇ ਬਾਜ਼ਾਰਾਂ 'ਚ ਤਰਪਾਲਾਂ ਦੀ ਮੰਗ ਨੂੰ ਅਸਮਾਨ 'ਤੇ ਪਹੁੰਚਾ ਦਿੱਤਾ ਹੈ | ਸਥਾਨਕ ਵਪਾਰੀ ਬੌਬੀ ਨੇ ਦੱਸਿਆ ਕਿ ਪਿਛਲੇ ਇਕ ਹਫ਼ਤੇ 'ਚ ਅਸੀਂ 1500 ਤੋਂ ਵੱਧ ਤਰਪਾਲਾਂ ਵੇਚੀਆਂ ਹਨ | 500 ਤੋਂ 3000 ਰੁਪਏ ਦੀਆਂ ਤਰਪਾਲਾਂ ਹਰ ਵਰਗ ਦੇ ਲੋਕ ਖ਼ਰੀਦ ਰਹੇ ਹਨ | ਇਸ ਭਾਰੀ ਤੇ ਰਚਵੇਂ ਮੀਂਹ 'ਚ ਜਿੱਥੇ ਗਰੀਬ ਲੋਕ ਸਸਤੀਆਂ ਤਰਪਾਲਾਂ ਨਾਲ ਆਪਣੇ ਇੱਟਾਂ ਬਾਲਿਆਂ ਦੇ ਘਰਾਂ ਨੂੰ ਬਚਾ ਰਹੇ ਹਨ, ਉੱਥੇ ਹੀ ਇਸ ਭਾਰੀ ਮੀਂਹ ਦੀ ਝਾਲ ਨਾ ਝੱਲਦੇ ਕਈ ਅਮੀਰਾਂ ਦੇ ਲੈਂਟਰ ਵੀ ਜਵਾਬ ਦੇ ਗਏ ਅਤੇ ਛੱਤਾਂ ਤੋਂ ਮੀਂਹ ਦਾ ਪਾਣੀ ਟਪਕਣ ਲੱਗ ਪਿਆ ਹੈ ਜਿਸ ਦੇ ਚੱਲਦਿਆਂ ਹੁਣ ਅਮੀਰ ਵਰਗ ਮਹਿੰਗੀਆਂ ਵਾਟਰਪਰੂਫ ਤਰਪਾਲਾਂ ਨਾਲ ਆਪਣੇ ਘਰਾਂ ਦੀ ਛੱਤਾਂ, ਗੈਰੇਜਾਂ, ਵੇਹੜਿਆਂ ਅਤੇ ਮਹਿੰਗੀਆਂ ਸੰਪਤੀਆਂ ਦੀ ਸੁਰੱਖਿਆ ਕਰ ਰਿਹਾ ਹੈ | ਇਹ ਮੰਗ ਨੇ ਨਾ ਸਿਰਫ਼ ਵਪਾਰ ਨੂੰ ਉਛਾਲ ਦਿੱਤਾ, ਸਗੋਂ ਤਰਪਾਲਾਂ ਨੂੰ ਮੀਂਹ ਦੇ ਮੌਸਮ ਦਾ 'ਸੁਪਰਹੀਰੋ' ਬਣਾ ਦਿੱਤਾ | ਭਾਰੀ ਮੀਂਹ ਦੇ ਚੱਲਦਿਆਂ ਤਰਪਾਲਾਂ ਦੀ ਭਾਰੀ ਮੰਗ ਨੇ ਬਾਜ਼ਾਰ 'ਚੋਂ ਤਰਪਾਲ ਹੀ ਗਾਇਬ ਦਿਖਾਈ ਦੇ ਰਹੀ ਹੈ | ਦੁਕਾਨਦਾਰਾਂ ਹੋਰ ਤਰਪਾਲ ਦੇਣ ਤੋਂ ਹੱਥ ਖੜ੍ਹੇ ਕਰ ਰਹੇ ਅਤੇ ਕੁੱਝ ਸ਼ਾਮ ਤੱਕ ਹੱਲ ਕਰਨ ਦੀ ਗੱਲ ਕਹਿੰਦੇ ਹੋਏ ਦੁੱਗਣੇ ਤਿੱਗਣੇ ਭਾਅ 'ਤੇ ਤਰਪਾਲਾਂ ਦੀ ਵਿਕਰੀ ਕਰਕੇ ਲਾਹਾ ਖੱਟਣ ਦੀ ਤਿਆਰੀ ਕਰਦੇ ਦਿਖਾਈ ਦਿੱਤੇ | ਗੁਰੂਸਰ ਸੁਧਾਰ, ਰਾਏਕੋਟ, ਮੁੱਲਾਂਪੁਰ ਤੇ ਹੋਰਨਾਂ ਬਾਜ਼ਾਰਾਂ ਵਿਚ ਤਰਪਾਲਾਂ ਦੀ ਵਿਕਰੀ ਨੇ ਸਾਰੇ ਪੁਰਾਣੇ ਰਿਕਾਰਡ ਤੋੜੇ ਦਿੱਤੇ ਹਨ | ਇਕ ਪਾਸੇ ਜਿੱਥੇ ਮੀਂਹ ਦੀ ਮਾਰ ਨਾਲ ਜੂਝ ਰਹੇ ਲੋਕਾਂ ਦੀ ਮਦਦ ਲਈ ਇੱਧਰੋਂ ਜਾਣ ਵਾਲੇ ਸੇਵਾ ਭਾਵ ਵਾਲੇ ਲੋਕਾਂ ਵਲੋਂ ਵੀ ਵੱਡੀ ਪੱਧਰ 'ਤੇ ਤਰਪਾਲਾਂ ਦੀ ਖ਼ਰੀਦ ਕਾਰਨ ਤਰਪਾਲਾਂ ਦਾ ਵੱਡੀ ਕਮੀ ਦਿਖਾਈ ਦੇ ਰਹੀ ਹੈ | ਉੱਥੇ ਹੀ ਪੰਜਾਬ ਸਰਕਾਰ ਨੇ ਸੂਬੇ ਦੇ ਪ੍ਰਭਾਵਿਤ ਇਲਾਕਿਆਂ 'ਚ 6000 ਤਰਪਾਲਾਂ ਵੰਡਣ ਦਾ ਐਲਾਨ ਕੀਤਾ, ਜਿਨ੍ਹਾਂ 'ਚੋਂ 3000 ਤਰਪਾਲਾਂ ਝੁੱਗੀ-ਝੌਂਪੜੀਆਂ ਅਤੇ ਕੱਚੇ ਘਰਾਂ 'ਚ ਰਹਿਣ ਵਾਲਿਆਂ ਨੂੰ ਵੰਡੀਆਂ ਜਾ ਚੁੱਕੀਆਂ ਹਨ | ਗੁਰੂਸਰ ਸੁਧਾਰ ਦੀ ਇਕ ਝੁੱਗੀ 'ਚ ਰਹਿਣ ਵਾਲੀ ਸੁਰਜੀਤ ਕੌਰ ਦੀਆਂ ਅੱਖਾਂ 'ਚ ਸਕੂਨ ਸੀ, ਜਦੋਂ ਉਸ ਨੇ ਕਿਹਾ ਕਿ ਸਾਡੇ ਕੱਚੇ ਕੋਠੇ 'ਚ ਮੀਂਹ ਦਾ ਪਾਣੀ ਭਰ ਜਾਂਦਾ ਸੀ, ਪਰ ਇਸ ਤਰਪਾਲ ਨੇ ਸਾਡੇ ਪਰਿਵਾਰ ਨੂੰ ਨਵੀਂ ਜ਼ਿੰਦਗੀ ਦਿੱਤੀ | ਉਧਰ ਪੌਸ਼ ਇਲਾਕੇ ਦੇ ਵਸਨੀਕ ਅਰਜੁਨ ਸਿੰਘ ਨੇ ਦੱਸਿਆ ਕਿ ਮੇਰੀ ਕੋਠੀ ਦੀ ਛੱਤ 'ਚ ਰਿਸਾਅ ਸੀ, ਇਕ ਮਜ਼ਬੂਤ ਤਰਪਾਲ ਨੇ ਸਭ ਕੁਝ ਸੰਭਾਲ ਲਿਆ |