ਮੁੱਲਾਂਪੁਰ-ਦਾਖਾ, 3 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ 'ਤੇ ਪਹੁੰਚ ਜਾਣ ਬਾਅਦ ਜਦ ਪ੍ਰਸ਼ਾਸਨ ਵਲੋਂ ਬੁੱਢਾ ਨਾਲਾ ਤੋੜ ਦੇਣ ਦੀ ਗੱਲ ਕੀਤੀ ਤਾਂ ਦਰਿਆ ਕਿਨਾਰੇ ਦਰਜਨਾਂ ਪਿੰਡਾਂ ਲਈ ਆਫਤ ਦੇ ਮੱਦੇਨਜ਼ਰ ਸਾਬਕਾ ਮੈਂਬਰ ਪਾਰਲੀਮੈਂਟ ਅਮਰੀਕ ਸਿੰਘ ਆਲੀਵਾਲ ਨੇ ਬੰਨ੍ਹ 'ਤੇ ਪਹੁੰਚ ਕੇ ਬੁੱਢੇ ਨਾਲੇ ਦਾ ਬੰਨ੍ਹ ਤੋੜ ਦੇਣ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਸਹਿਯੋਗ ਕੀਤਾ | ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਫ਼ੋਨ ਕਰਕੇ ਅਮਰੀਕ ਸਿੰਘ ਆਲੀਵਾਲ ਨੇ ਕਿਹਾ ਕਿ ਓਵਰਫਲੋਅ ਬਹਾਨੇ ਬੁੱਢਾ ਨਾਲਾ ਤੋੜ ਕੇ ਹਜ਼ਾਰਾਂ ਪਰਿਵਾਰਾਂ ਨੂੰ ਜੋਖਮ ਵਿਚ ਪਾਉਣ ਦੀ ਗਲਤੀ ਨਾ ਕੀਤੀ ਜਾਵੇ | ਆਲੀਵਾਲ ਵਲੋਂ ਅਫ਼ਸਰਾਂ ਨੂੰ ਕਿਹਾ ਕਿ ਅਣਕਿਆਸੇ ਮੌਸਮ ਕਰਕੇ ਸਾਡਾ ਕਿਸਾਨ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ, ਕੋਈ ਨਵੀਂ ਮੁਸ਼ਕਿਲ ਨਾ ਸਹੇੜੀ ਜਾਵੇ | ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸਾਬਕਾ ਸਾਂਸਦ ਅਮਰੀਕ ਸਿੰਘ ਆਲੀਵਾਲ ਨੂੰ ਭਰੋਸਾ ਦਿੱਤਾ ਕਿ ਅਜਿਹਾ ਨਹੀਂ ਹੋਵੇਗਾ | ਅਮਰੀਕ ਸਿੰਘ ਆਲੀਵਾਲ ਨੇ ਆਪਣੀ ਟੀਮ ਨਾਲ ਤਲਵੰਡੀ ਨੌ ਅਬਾਦ, ਰਾਮਪੁਰ, ਕੁੱਲਗਹਿਣਾ ਨੇੜੇ ਦਰਿਆ ਕਿਨਾਰੇ ਬੰਨ੍ਹ ਨੂੰ ਲੱਗ ਰਹੀ ਢਾਹ (ਖੋਰੇ) ਨੂੰ ਲੋਕਾਂ ਦੀ ਮੱਦਦ ਨਾਲ ਸਿੰਚਾਈ ਵਿਭਾਗ ਦੇ ਜੇ.ਈ, ਐੱਸ.ਡੀ.ਓ, ਐਕਸੀਅਨ ਅਤੇ ਸਬੰਧਿਤ ਠੇਕੇਦਾਰ ਹਰਮੋਹਣ ਸਿੰਘ ਵਲੀਪੁਰ ਵਲੋਂ ਪੂਰੇ ਜਾਣ ਦੀ ਸ਼ਲਾਘਾ ਕੀਤੀ | ਇਸ ਮੌਕੇ ਸਾਂਸਦ ਆਲੀਵਾਲ ਨਾਲ ਸਿਮਰਨਜੀਤ ਸਿੰਘ ਢਿੱਲੋਂ, ਗੁਰਬੰਤ ਸਿੰਘ ਬੌਬੀ ਕੋਟਲੀ, ਮਨਜੀਤ ਸਿੰਘ ਚੰਗਣਾ, ਰਣਜੀਤ ਸਿੰਘ, ਕੁਲਦੀਪ ਸਿੰਘ, ਹੋਰ ਮੌਜੂਦ ਰਹੇ |