ਸਿੱਧਵਾਂ ਬੇਟ, 3 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)- ਭਾਵੇਂ ਇੱਥੋਂ ਕਰੀਬ ਤਿੰਨ ਮੀਲ ਦੂਰ ਵਗ ਰਹੇ ਦਰਿਆ ਸਤਲੁਜ 'ਚ ਲੰਘੀ ਰਾਤ ਪਾਣੀ ਦਾ ਪੱਧਰ ਕੁਝ ਘਟਣ ਲੱਗ ਗਿਆ ਸੀ, ਪਰ ਅੱਜ ਫਿਰ ਰੋਪੜ ਵਾਟਰ ਹੈਡਵਰਕਸ ਤੋਂ ਕਰੀਬ 30 ਹਜ਼ਾਰ ਕਿਊਸਕ ਪਾਣੀ ਹੋਰ ਛੱਡਣ 'ਤੇ ਇਕ ਵਾਰ ਫਿਰ ਲਾਗਲੇ ਪਿੰਡਾਂ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਬਣ ਗਿਆ ਹੈ | ਹੁਣ ਸਲਤੁਜ ਦਰਿਆ 'ਚ ਪਾਣੀ ਛੱਡੇ ਜਾਣ ਦੀ ਮਾਤਰਾ 95 ਹਜ਼ਾਰ ਕਿਊਸਕ ਹੋ ਗਈ ਹੈ | ਇਸ ਤੋਂ ਇਲਾਵਾ ਸਤਲੁਜ ਵਿਚ ਕਈ ਚੋਆਂ ਦਾ ਪਾਣੀ ਵੀ ਮਿਲ ਰਿਹਾ ਹੈ | ਸੰਬੰਧਿਤ ਅਧਿਕਾਰੀਆਂ ਨੇ ਦੱਸਿਆ ਕਿ ਇਹ ਪਾਣੀ ਅੱਜ ਰਾਤ ਤੱਕ ਜਲੰਧਰ-ਜਗਰਾਉਂ ਮਾਰਗ 'ਤੇ ਬਣੇ ਸਤਲੁਜ ਦੇ ਪੁਲ ਤੋਂ ਲੰਘਣ ਦੀ ਸੰਭਾਵਨਾ ਹੈ | ਦੂਜੇ ਪਿੰਡ ਖੁਰਸ਼ੈਦਪੁਰਾ ਨਜ਼ਦੀਕ ਦਰਿਆ ਦਾ ਪਾਣੀ 2023 'ਚ ਆਏ ਪਾਣੀ ਵਾਂਗ ਬਾਹਰ ਨਿਕਲਕੇ ਦਰਿਆ ਸਤਲੁਜ ਦੇ ਨਾਲ-ਨਾਲ ਸਥਿਤ ਬੁੱਢੇ ਨਾਲੇ ਰਾਹੀਂ ਵਾਪਸ ਚੜ੍ਹਦੇ ਵੱਲ ਨੂੰ ਜਾ ਰਿਹਾ ਸੀ | ਜਿਸ ਨਾਲ ਇਕ ਤਰ੍ਹਾਂ ਪਾਣੀ ਨੇ ਪਿੰਡ ਖੁਰਸ਼ੈਦਪੁਰਾ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਹੈ | ਦਰਿਆ ਲਾਗੇ ਨੀਵੀਆਂ ਥਾਵਾਂ 'ਤੇ ਬੈਠੇ ਲੋਕਾਂ ਨੇ ਆਪਣਾ ਸਾਮਾਨ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹੈ | ਪਿੰਡ ਦੇ ਲੋਕਾਂ ਵਲੋਂ ਆਪਣੇ ਘਰਾਂ ਵਿਚ ਪਾਣੀ ਨੂੰ ਵੜਣ ਤੋਂ ਰੋਕਣ ਲਈ ਮਿੱਟੀ ਦੇ ਬੰਨ੍ਹ ਮਾਰੇ ਜਾ ਰਹੇ ਹਨ | ਦਰਿਆ ਦੇ ਪਾਣੀ ਨੇ ਸਬ-ਡਿਵੀਜ਼ਨ ਜਗਰਾਉਂ 'ਚ ਪੈਂਦੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਦੀ ਸਤਲੁਜ ਦੇ ਬੰਨ੍ਹ ਅੰਦਰ ਬੀਜੀ ਸੈਂਕੜੇ ਏਕੜ ਫ਼ਸਲ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਗਈ ਹੈ | ਲੋਕਾਂ ਦੇ ਇੰਜਣ ਵੀ ਪਾਣੀ ਵਿਚ ਰਹਿ ਗਏ ਹਨ | ਦਰਿਆ ਦਾ ਤੇਜ਼ ਪਾਣੀ ਲਗਾਤਾਰ ਢਾਅ ਲਗਾ ਕੇ ਕਿਸਾਨਾਂ ਦੀਆਂ ਮਾਲਕੀ ਜ਼ਮੀਨਾਂ ਨੂੰ ਵੀ ਆਪਣੇ ਵਿਚ ਬੁਰਦ ਕਰੀ ਜਾ ਰਿਹਾ ਹੈ | ਦੂਜੇ ਪਾਸੇ ਪ੍ਰਸ਼ਾਸਨ ਵੀ ਲਗਾਤਾਰ ਪਿਛਲੇ ਦਿਨਾਂ ਤੋਂ ਪੂਰੀ ਚੌਕਸੀ ਵਰਤਦਾ ਵਿਖਾਈ ਦੇ ਰਿਹਾ ਹੈ | ਏ.ਡੀ.ਸੀ. ਕਲਪ੍ਰੀਤ ਸਿੰਘ ਜਗਰਾਉਂ, ਜ਼ਿਲ੍ਹਾ ਪੁਲਿਸ ਮੁਖੀ ਡਾ: ਅੰਕੁਰ ਗੁਪਤਾ, ਐੱਸ.ਡੀ.ਐੱਮ. ਕਰਨਦੀਪ ਸਿੰਘ ਆਪਣੀਆਂ ਟੀਮਾਂ ਨਾਲ ਲਗਾਤਾਰ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਤੋਂ ਜਾਣਕਾਰੀ ਲੈ ਰਹੇ ਹਨ |