ਰਾਏਕੋਟ, 22 ਸਤੰਬਰ (ਸੁਸ਼ੀਲ, ਬਲਵਿੰਦਰ ਸਿੰਘ ਲਿੱਤਰ)-ਸਥਾਨਕ ਸ਼ਹਿਰ ਦੇ ਤਾਜਪੁਰ ਚੌਂਕ ਨੇੜੇ ਮਲੇਰਕੋਟਲਾ ਰੋਡ 'ਤੇ ਟਰਾਲੀਆਂ ਬਣਾਉਣ ਦਾ ਕੰਮ ਕਰਦੇ ਪਿੰਡ ਭੈਣੀ ਬੜਿੰਗਾਂ ਦੇ ਨਿਵਾਸੀ ਗੁਰਦੀਪ ਸਿੰਘ ਬੰਮਰਾ ਨੂੰ ਕੁਝ ਵਿਅਕਤੀਆਂ ਵਲੋਂ ਸ਼ਰ੍ਹਆਮ ਦਿਨ ਦਿਹਾੜੇ ਉਨ੍ਹਾਂ ਦੀ ਵਰਕਸ਼ਾਪ 'ਤੇ ਹਮਲਾ ਕਰਕੇ ਅਗਵਾ ਕਰ ਲਿਆ ਗਿਆ | ਜਿਸ ਸਬੰਧੀ ਪੀੜਤ ਗੁਰਦੀਪ ਸਿੰਘ ਬੰਮਰਾ ਦੇ ਭਰਾ ਮਨਦੀਪ ਸਿੰਘ ਬੰਮਰਾ ਅਤੇ ਆਂਢ-ਗਵਾਂਢ ਦੇ ਦੁਕਾਨਦਾਰਾਂ ਵਲੋਂ ਰਾਏਕੋਟ ਸਿਟੀ ਪੁਲਿਸ ਨੂੰ ਇਤਲਾਹ ਦਿੱਤੀ ਗਈ ਪ੍ਰੰਤੂ ਪੁਲਿਸ ਦੇ ਘਟਨਾ ਵਾਲੇ ਸਥਾਨ 'ਤੇ ਦੇਰੀ ਨਾਲ ਪਹੁੰਚਣ ਕਾਰਨ ਲੋਕਾਂ ਵਿਚ ਰੋਸ ਪਾਇਆ ਗਿਆ | ਮਨਦੀਪ ਸਿੰਘ ਨੇ ਦੱਸਿਆ ਕਿ ਉਹ ਗੁਰਦੀਪ ਸਿੰਘ ਦੀ ਵਰਕਸ਼ਾਪ ਦੇ ਨਾਲ ਕੋਲ ਹੀ ਫਰਨੀਚਰ ਦਾ ਕੰਮ ਕਰਦਾ ਹੈ ਅਗਵਾਕਾਰਾਂ ਨੇ ਉਸ ਦੇ ਭਰਾ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਅਗਵਾ ਕਰਕੇ ਗੱਡੀ ਵਿਚ ਸੁੱਟ ਕੇ ਲੈ ਗਏ ਅਤੇ ਉਸ ਦੀ ਦੁਕਾਨ ਦੇ ਜਿੰਦੇ ਅਤੇ ਸੀ.ਸੀ.ਟੀ.ਵੀ. ਕੈਮਰੇ ਵੀ ਤੋੜ ਗਏ | ਪੀੜਤ ਗੁਰਦੀਪ ਸਿੰਘ ਉਰਫ ਨਿੱਕਾ ਨੇ ਦੱਸਿਆ ਕਿ ਅਗਵਾਕਾਰ ਉਸ ਨੂੰ ਕਈ ਘੰਟੇ ਰਾਏਕੋਟ-ਲੁਧਿਆਣਾ ਰੋਡ 'ਤੇ ਨਹਿਰ ਦੇ ਆਲੇ ਦੁਆਲੇ ਘੁਮਾਉਂਦੇ ਰਹੇ | ਅਗਵਾਕਾਰਾਂ 'ਤੇ ਦੋਸ਼ ਲਗਾਉਂਦਿਆਂ ਗੁਰਦੀਪ ਸਿੰਘ ਨੇ ਕਿਹਾ ਕਿ ਉਸ ਨੂੰ ਜਾਨ ਤੋਂ ਮਾਰਨ ਅਤੇ ਨਹਿਰ ਵਿਚ ਸੁੱਟਣ ਦੀ ਧਮਕੀਆਂ ਦਿੰਦੇ ਰਹੇ | ਕਾਰ ਵਿਚ ਲਗਾਤਾਰ ਕੁੱਟਮਾਰ ਕਰਦਿਆਂ ਉਸ ਨੂੰ ਆਪਣੀ ਦੁਕਾਨ ਛੱਡਣ ਲਈ ਧਮਕਾਉਂਦੇ ਰਹੇ ਅਤੇ ਉਸ ਦੀ ਇਵਜ ਵਿਚ 50 ਲੱਖ ਰੁਪਏ ਤੋਂ ਵੱਧ ਦੀ ਪੇਸ਼ਕਸ਼ ਵੀ ਕੀਤੀ ਗਈ | ਕਈ ਘੰਟੇ ਕੁੱਟਮਾਰ ਕਰਨ ਅਤੇ ਇਧਰ ਉਧਰ ਘੁਮਾਉਣ ਤੋਂ ਬਾਅਦ ਉਹ ਉਸ ਨੂੰ ਗੱਡੀ 'ਚੋਂ ਦੁਕਾਨ ਦੇ ਨੇੜੇ ਸੁੱਟ ਕੇ ਫ਼ਰਾਰ ਹੋ ਗਏ | ਇਸੇ ਦੌਰਾਨ ਉਨ੍ਹਾਂ ਨਾਲ ਆਏ ਬਾਕੀ ਸਾਥੀਆਂ ਵਲੋਂ ਉਸ ਦੀ ਦੁਕਾਨ 'ਤੇ ਭੰਨਤੋੜ ਕੀਤੀ ਗਈ ਅਤੇ ਕਰੀਬ 15 ਲੱਖ ਦੀ ਕੀਮਤ ਦੀਆਂ ਮਸ਼ੀਨਾਂ ਅਤੇ ਟਰਾਲੀਆਂ ਦਾ ਤਿਆਰ ਕੀਤਾ ਹੋਇਆ ਸਾਮਾਨ ਚਾਰ ਪੰਜ ਟਰਾਲੀਆਂ ਵਿਚ ਭਰ ਕੇ ਲੈ ਗਏ | ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਤਿੰਨ ਕੁ ਸਾਲ ਪਹਿਲਾਂ ਆਪਣੀ ਵਰਕਸ਼ਾਪ ਦੇ ਕੋਲ ਹੀ ਜਗ੍ਹਾ ਖ਼ਰੀਦੀ ਸੀ ਅਤੇ ਜਿਸ ਵਰਕਸ਼ਾਪ 'ਚ ਉਹ ਪਿਛਲੇ 25 ਸਾਲਾਂ ਤੋਂ ਕੰਮ ਕਰ ਰਿਹਾ ਹੈ | ਉਹ ਉਸ ਦੇ ਪਿਤਾ ਵਲੋਂ ਕਰੀਬ 42 ਸਾਲ ਪਹਿਲਾਂ ਖ਼ਰੀਦੀ ਗਈ ਸੀ | ਉਸ ਨੇ ਦੱਸਿਆ ਕਿ ਉਸ ਦੀ ਵਰਕਸ਼ਾਪ ਦੇ ਆਲੇ ਦੁਆਲੇ ਕੁਝ ਲੋਕਾਂ ਨੇ ਜਗ੍ਹਾ ਖ਼ਰੀਦੀ ਹੈ ਪ੍ਰੰਤੂ ਅਗਵਾਕਾਰ ਉਸ ਦੀ ਵਰਕਸ਼ਾਪ ਨੂੰ ਵੀ ਆਪਣੀ ਜਗ੍ਹਾ ਦੱਸ ਕੇ ਉਸ ਉੱਪਰ ਕਬਜ਼ਾ ਕਰਨਾ ਚਾਹੁੰਦੇ ਹਨ | ਇਸ ਸਬੰਧ ਵਿਚ ਰਾਏਕੋਟ ਸਿਟੀ ਪੁਲਿਸ ਨੇ ਗੁਰਦੀਪ ਸਿੰਘ ਦੇ ਬਿਆਨਾਂ 'ਤੇ ਪਿ੍ਤਪਾਲ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਦਾਖਾ, ਰਾਜੂੂ ਉਰਫ਼ ਰਾਜਵੰਤ ਸਿੰਘ ਵਾਸੀ ਦਾਖਾ, ਪਰਵਿੰਦਰ ਪੁੱਤਰ ਮੰਗਲ ਸਿੰਘ ਵਾਸੀ ਬਾਸੀਆਂ ਬੇਟ ਅਤੇ ਮਨਜਿੰਦਰ ਸਿੰਘ ਉਰਫ਼ ਮਨੀ ਪੁੱਤਰ ਗੁਰਵਿੰਦਰ ਸਿੰਘ ਸਮੇਤ 15 ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ | ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਕਤ ਚਾਰੇ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ ਇਕ ਫਾਰਚੂਨਰ ਗੱਡੀ ਬਰਾਮਦ ਕੀਤੀ ਗਈ ਹੈ ਅਤੇ ਬਾਕੀ ਮਾਲ ਦੀ ਬਰਾਮਦਗੀ ਲਈ ਉਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ |
ਵਰਕਸ਼ਾਪ ਮਾਲਕ ਨੂੰ ਦਿਨ-ਦਿਹਾੜੇ ਅਗਵਾ ਕਰਕੇ ਕੀਤੀ ਕੁੱਟਮਾਰ
ਅਜੀਤ ਡੈਸਕ
23-09-2025