ਮੁੱਲਾਂਪੁਰ-ਦਾਖਾ, 24 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬੀ.ਐੱਸ.ਸੀ. (ਆਨਰਜ਼) ਬਾਗਬਾਨੀ ਦੇ ਵਿਦਿਆਰਥੀਆਂ ਵਲੋਂ ਰਾਵੇ-402 (ਰੂਰਲ ਐਗਰੀਕਲਚਰਲ ਵਰਕ ਐਕਸਪੀਰੀਐਂਸ) ਪ੍ਰੋਗਰਾਮ ਤਹਿਤ ਪਿੰਡ ਬੱਦੋਵਾਲ (ਲੁਧਿ:) ਵਿਖੇ 'ਫ਼ਸਲੀ ਵਿਭਿੰਨਤਾ ਅਤੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ' ਵਿਸ਼ੇ 'ਤੇ ਜਾਗਰੂਕਤਾ ਕੈਂਪ ਲਗਾਇਆ ਗਿਆ | ਗੁਰਦੁਆਰਾ ਸਾਹਿਬ ਬੱਦੋਵਾਲ ਨੇੜੇ ਜੁੜੀ ਇਕੱਤਰਤਾ ਨੂੰ ਸੰਬੋਧਨ ਸਮੇਂ ਡਾ: ਅਮਿਤ ਕੌਲ ਵਲੋਂ ਪਰਾਲੀ ਪ੍ਰਬੰਧਨ 'ਤੇ ਚਾਨਣਾ ਪਾਉਂਦਿਆਂ, ਪਰਾਲੀ ਸਾੜਨ ਦੇ ਅਮਲ ਨੂੰ ਘਟਾਉਣ ਲਈ ਵਾਤਾਵਰਣ-ਅਨੁਕੂਲ ਤਕਨੀਕਾਂ ਅਤੇ ਉਪਲਬਧ ਮਸ਼ੀਨਰੀ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਦੇ ਮੱਦੇਨਜ਼ਰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਖੇਤਾਂ ਵਿਚ ਜ਼ਜ਼ਬ ਕੀਤਾ ਜਾਵੇ, ਇਹ ਪਰਾਲੀ ਅਗਲੀ ਫ਼ਸਲ ਲਈ ਖਾਦ ਦਾ ਕੰਮ ਕਰੇਗੀ | ਡਾ. ਰੂਮਾ ਦੇਵੀ ਵਲੋਂ ਸਬਜ਼ੀਆਂ ਦੀਆਂ ਫ਼ਸਲਾਂ ਰਾਹੀਂ ਫ਼ਸਲੀ ਵਿਭਿੰਨਤਾ ਬਾਰੇ ਗੱਲ ਕਰਦਿਆਂ ਇਸ ਨਾਲ ਮੁਨਾਫੇ ਵਿਚ ਵਾਧੇ ਅਤੇ ਪੌਸ਼ਟਿਕ ਸੁਰੱਖਿਆ ਨੂੰ ਬਿਹਤਰ ਬਣਾਉਣ ਦੀ ਸੰਭਾਵਨਾ 'ਤੇ ਜ਼ੋਰ ਦਿੱਤਾ ਗਿਆ | ਡਾ. ਹਰਮੀਤ ਸਰਲਾਚ ਵਲੋਂ ਫ਼ਸਲੀ ਵਿਭਿੰਨਤਾ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਫ਼ਸਲੀ ਵਿਭਿੰਨਤਾ ਨਾਲ ਮਿੱਟੀ ਦੀ ਸਿਹਤ ਸੁਧਾਰਨ, ਖਤਰੇ ਨੂੰ ਘਟਾਉਣ ਅਤੇ ਖੇਤੀ ਵਿਚ ਸਥਿਰਤਾ ਯਕੀਨੀ ਬਣਾਉਣ ਵਿਚ ਮਦਦ ਮਿਲਦੀ ਹੈ | ਡਾ. ਸਿਮਰਤ ਸਿੰਘ ਵਲੋਂ ਫੁੱਲਾਂ ਦੀ ਖੇਤੀ ਕਰਕੇ ਚੰਗਾ ਮੁਨਾਫ਼ਾ ਕਮਾਉਣ ਦੀ ਗੱਲ ਕੀਤੀ | ਕੈਂਪ ਸਮੇਂ ਫ਼ਸਲੀ ਵਿਭਿੰਨਤਾ ਅਤੇ ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਸਬਜ਼ੀਆਂ ਦੇ ਬੀਜ ਕਿੱਟਾਂ ਅਤੇ ਸਬਜ਼ੀਆਂ ਦੀਆਂ ਪਨੀਰੀਆਂ ਵੀ ਵੰਡੀਆਂ ਗਈਆਂ | ਪੀ.ਏ.ਯੂ. ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਡਾ: ਦਿਲਪ੍ਰੀਤ ਸਿੰਘ ਨੇ ਕਿਹਾ ਕਿ ਇਹ ਵਿਗਿਆਨਕ ਗਿਆਨ ਅਤੇ ਖੇਤੀ ਅਮਲਾਂ ਵਿਚਕਾਰਲੇ ਪਾੜੇ ਨੂੰ ਪੂਰਨ ਦਾ ਇਕ ਸ਼ਲਾਘਾਯੋਗ ਕਦਮ ਹੈ | ਪੀ.ਏ.ਯੂ. ਟੀਮ ਵਲੋਂ ਕੈਂਪ ਦੀ ਸਫ਼ਲਤਾ ਲਈ ਬੱਦੋਵਾਲ ਗ੍ਰਾਮ ਪੰਚਾਇਤ ਸਰਪੰਚ ਜਸਮੀਤ ਕੌਰ, ਪ੍ਰਧਾਨ ਰਾਜਵਿੰਦਰ ਸਿੰਘ ਰਾਜੂ, ਸੁੱਖੀ ਭੱਠਲ, ਪੰਚ ਸੁਖਮਿੰਦਰ ਸਿੰਘ, ਪੰਚ ਯਾਦਵਿੰਦਰ ਸਿੰਘ, ਪੰਚ ਵਿੱਕੀ, ਡਾ. ਮੋਹਨ ਸਿੰਘ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਸਿੰਘ ਦਾ ਧੰਨਵਾਦ ਕੀਤਾ |