ਰਾਏਕੋਟ, 24 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਰਾਏਕੋਟ ਦੀ ਮੀਟਿੰਗ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ ਦਸਵੀਂ ਰਾਏਕੋਟ ਵਿਖੇ ਮੀਤ ਪ੍ਰਧਾਨ ਮਨਜੀਤ ਸਿੰਘ ਬੁਢੇਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਨੇ ਕਿਹਾ ਕਿ ਹੜ੍ਹ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਜਥੇਬੰਦੀ ਵਲੋਂ ਪਿੰਡਾਂ ਵਿਚੋਂ ਵੱਡੀ ਤਾਦਾਦ 'ਚ ਰਾਸ਼ਨ, ਜ਼ਰੂਰੀ ਵਸਤਾਂ ਆਦਿ ਇਕੱਤਰ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਲੋੜਵੰਦਾਂ ਦੀ ਮਦਦ ਹੋ ਸਕੇ | ਉਨ੍ਹਾਂ ਆਖਿਆ ਕਿ ਪੰਜਾਬ ਵਿਚ ਹੜ੍ਹ ਆਉਣੇ ਕੁਦਰਤੀ ਨਹੀਂ, ਸਗੋਂ ਸਰਕਾਰ ਦੀ ਲਾਪਰਵਾਹੀ ਦਾ ਨਤੀਜਾ ਹੈ, ਜਿਸ ਕਰਕੇ ਸੂਬੇ ਅੰਦਰ ਵੱਡੀ ਪੱਧਰ 'ਤੇ ਜਨਜੀਵਨ ਪ੍ਰਭਾਵਿਤ ਹੋਇਆ ਹੈ | ਨੂਰਪੁਰਾ ਨੇ ਆਖਿਆ ਕਿ ਬੀਕੇਯੂ (ਉਗਰਾਹਾਂ) ਦੇ ਸੂਬਾਈ ਆਗੂਆਂ ਵਲੋਂ ਨਿਰਦੇਸ਼ ਜਾਰੀ ਹੋਏ ਹਨ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਇਆ ਜਾਵੇ ਅਤੇ ਲੋੜਵੰਦਾਂ ਦੀ ਹਰ ਪੱਖੋਂ ਸਹਾਇਤਾ ਕੀਤੀ ਜਾਵੇ ਤਾਂ ਜੋ ਲੋਕਾਂ ਦਾ ਮੁੜ ਰੈਣ-ਬਸੇਰਾ ਪੈਰਾਂ ਸਿਰ ਕੀਤਾ ਜਾ ਸਕੇ | ਇਸ ਤੋਂ ਇਲਾਵਾ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਹੜ੍ਹਾਂ ਦੀ ਮਾਰ ਹੇਠਾਂ ਆਏ ਖੇਤਰਾਂ ਵਿਚ ਪੀੜਤ ਕਿਸਾਨਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਪਿੰਡਾਂ ਵਿਚ ਫੰਡ ਇਕੱਠਾ ਕੀਤਾ ਜਾਵੇ, ਡੀਜ਼ਲ, ਖਾਦ ਤੇ ਕਣਕ ਬੀਜ਼ ਆਦਿ ਲੋੜੀਂਦੀਆਂ ਸਹਾਇਤਾ ਪ੍ਰਦਾਨ ਕੀਤੀਆਂ ਜਾਣ | ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਫੌਰੀ ਤੌਰ 'ਤੇ ਪੀੜਤਾਂ ਲਈ ਰਾਹਤ ਰਾਸ਼ੀ ਨੂੰ ਲੋਕਾਂ ਦਰਮਿਆਨ ਵੰਡੇ ਅਤੇ ਕਿਸਾਨਾਂ ਨੂੰ 70 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ | ਇਸ ਮੌਕੇ ਅਜੀਤ ਸਿੰਘ ਦਾਖਾ, ਦਰਬਾਰਾ ਸਿੰਘ, ਮਨਜੀਤ ਸਿੰਘ ਰਾਏਕੋਟ, ਬਲਰਾਜ ਸਿੰਘ, ਕਰਮਜੀਤ ਸਿੰਘ, ਸੁਖਦੇਵ ਸਿੰਘ ਬੁਰਜ ਹਰੀ ਸਿੰਘ, ਬਲਵਿੰਦਰ ਸਿੰਘ ਜੇਈ, ਚਰਨ ਸਿੰਘ, ਹਰਦੀਪ ਸਿੰਘ, ਪਾਲ ਸਿੰਘ ਆਦਿ ਹਾਜ਼ਰ ਸਨ |