ਜਗਰਾਉਂ, 27 ਸਤੰਬਰ (ਗੁਰਦੀਪ ਸਿੰਘ ਮਲਕ)-ਜਗਰਾਉਂ-ਸਿੱਧਵਾਂ ਬੇਟ ਰੋਡ 'ਤੇ ਐਕਸੀਡੈਂਟ ਨਾਲ ਨੁਕਸਾਨੀ ਮਹਿੰਦਰਾ ਗੱਡੀ 'ਚੋਂ ਪੁਲਿਸ ਨੇ ਭਾਰੀ ਮਾਤਰਾ ਵਿਚ ਸ਼ਰਾਬ ਬਰਾਮਦ ਕੀਤੀ ਹੈ | ਇਸ ਸਬੰਧੀ ਥਾਣਾ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ ਲਖਵਿੰਦਰ ਸਿੰਘ ਸਾਥੀ ਪੁਲਿਸ ਕਰਮਚਾਰੀਆਂ ਨਾਲ ਪਿੰਡ ਰਾਮਗੜ੍ਹ ਭੁੱਲਰ ਵਿਚ ਗਸ਼ਤ ਕਰ ਰਹੇ ਸਨ, ਜਿਨ੍ਹਾਂ ਨੂੰ ਮੁਖਬਰ ਤੋਂ ਸੂਚਨਾ ਮਿਲੀ ਕਿ ਪਿੰਡ ਬੋਦਲਵਾਲਾ ਨਜ਼ਦੀਕ ਇਕ ਮਹਿੰਦਰਾ ਗੱਡੀ ਖੜ੍ਹੀ ਹੈ, ਜਿਸ ਨੂੰ ਕਿਸੇ ਵਾਹਨ ਨੇ ਫੇਟ ਮਾਰੀ ਹੈ ਅਤੇ ਖ਼ਰਾਬ ਹੋਈ ਖੜ੍ਹੀ ਹੈ, ਜਿਸ ਵਿਚ ਘਰ ਦੀ ਕੱਢੀ ਸੈਂਕੜੇ ਲੀਟਰ ਸ਼ਰਾਬ ਹੈ | ਜਿਸ 'ਤੇ ਤੁਰੰਤ ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਗੱਡੀ ਵਿਚ ਬੈਠੇ ਕਰਮੇਸ਼ ਸਿੰਘ ਪੁੱਤਰ ਭਜਨ ਸਿੰਘ ਅਤੇ ਲਛਮਣ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਰਜੀਆਂ ਨੂੰ ਕਾਬੂ ਕਰ ਲਿਆ, ਗੱਡੀ ਦੀ ਤਲਾਸ਼ੀ ਲੈਣ 'ਤੇ ਉਸ ਵਿਚੋਂ ਨਾਜਾਇਜ਼ ਦੇਸ਼ੀ ਸ਼ਰਾਬ ਦੀਆਂ 520 ਬੋਤਲਾਂ ਬਰਾਮਦ ਹੋਈਆਂ ਹਨ | ਕਾਬੂ ਕੀਤੇ ਦੋਸ਼ੀਆਂ ਖਿਲਾਫ਼ ਪੁਲਿਸ ਥਾਣਾ ਸਦਰ ਜਗਰਾਉਂ ਵਿਚ ਮਾਮਲਾ ਦਰਜ ਕੀਤਾ ਗਿਆ ਹੈ |