ਰਾਏਕੋਟ, 31 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ-ਜਗਰਾਉਂ ਰੋਡ 'ਤੇ ਬੀਤੀ ਰਾਤ ਇਕ ਮੋਟਰਸਾਈਕਲ ਚਾਲਕ ਨੌਜਵਾਨ ਦੀ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਅੰਮਿ੍ਤਪਾਲ ਸਿੰਘ (33) ਵਾਸੀ ਝੋਰੜਾਂ, ਜੋ ਕਿ ਰਾਏਕੋਟ ਵਿਖੇ ਨੂਰਾ ਮਾਹੀ ਨਗਰ ਵਿਚ ਆਪਣੇ ਪਲਾਂਟ ਵਿਚ ਕੰਮ ਕਰਵਾਉਣ ਲਈ ਆਇਆ ਸੀ, ਪ੍ਰੰਤੂ ਰਾਤ 10 ਵਜੇ ਕਰੀਬ ਜਦ ਉਹ ਆਪਣੇ ਬੁਲਟ ਮੋਟਰਸਾਈਕਲ ਪੀ.ਬੀ. 10 ਐੱਚ.ਵਾਈ 7459 'ਤੇ ਸਵਾਰ ਹੋ ਪਿੰਡ ਝੋਰੜਾਂ ਨੂੰ ਜਾ ਰਿਹਾ ਸੀ ਤਾਂ ਅਚਾਨਕ ਕਿਸੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਇਸ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਥਾਣਾ ਸਿਟੀ ਦੇ ਏ.ਐੱਸ.ਆਈ ਗੁਰਪ੍ਰੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ, ਜਿੰਨ੍ਹਾਂ ਵਾਹਨ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਭੇਜ ਦਿੱਤਾ | ਇਸ ਮੌਕੇ ਏ.ਐੱਸ.ਆਈ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮਿ੍ਤਪਾਲ ਸਿੰਘ ਜੋ ਰੋਜ਼ੀ-ਰੋਟੀ ਕਮਾਉਣ ਲਈ ਦੁਬਈ ਵਿਖੇ ਗਿਆ ਹੋਇਆ ਸੀ, ਜੋ ਪਿਛਲੇ 2-3 ਮਹੀਨਿਆਂ ਤੋਂ ਦੁਬਈ ਤੋਂ ਵਾਪਿਸ ਆਪਣੇ ਵਤਨ ਆਇਆ ਹੋਇਆ ਸੀ | ਉਨ੍ਹਾਂ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਾਹਨ ਖਿਲਾਫ਼ ਮੁਕੱਦਮਾ ਦਰਜ ਕਰਕੇ ਆਲੇ-ਦੁਆਲੇ ਦੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ਼ ਬਾਰੀਕੀ ਨਾਲ ਚੈੱਕ ਕੀਤੀ ਜਾ ਰਹੀ ਹੈ |